ਕੈਨੇਡਾ-ਅਮਰੀਕਾ ਭੇਜਣ ਦਾ ਲਾਰਾ ਲਾ ਕੇ 6 ਜਣਿਆਂ ਤੋਂ ਠੱਗੇ 1.5 ਕਰੋੜ
ਚੰਡੀਗੜ੍ਹ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਭੇਜਣ ਦਾ ਲਾਰਾ ਲਾ ਕੇ ਦੋ ਸਕੇ ਭਰਾਵਾਂ ਸਣੇ ਛੇ ਜਣਿਆਂ ਤੋਂ ਇਕ ਕਰੋੜ ਰੁਪਏ ਤੋਂ ਵੱਧ ਰਕਮ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਅਮਰੀਕਾ ਭੇਜਣ ਦੇ ਨਾਂ ’ਤੇ 35 ਲੱਖ ਰੁਪਏ ਦੀ ਧੋਖਾਧੜੀ ਵੱਖਰੇ ਤੌਰ ’ਤੇ ਕੀਤੀ ਗਈ। ਕੈਨੇਡਾ ਭੇਜਣ ਲਈ ਵਰਕ ਪਰਮਿਟ ਲਗਵਾਉਣ ਦਾ […]
By : Editor Editor
ਚੰਡੀਗੜ੍ਹ, 11 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਭੇਜਣ ਦਾ ਲਾਰਾ ਲਾ ਕੇ ਦੋ ਸਕੇ ਭਰਾਵਾਂ ਸਣੇ ਛੇ ਜਣਿਆਂ ਤੋਂ ਇਕ ਕਰੋੜ ਰੁਪਏ ਤੋਂ ਵੱਧ ਰਕਮ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਅਮਰੀਕਾ ਭੇਜਣ ਦੇ ਨਾਂ ’ਤੇ 35 ਲੱਖ ਰੁਪਏ ਦੀ ਧੋਖਾਧੜੀ ਵੱਖਰੇ ਤੌਰ ’ਤੇ ਕੀਤੀ ਗਈ। ਕੈਨੇਡਾ ਭੇਜਣ ਲਈ ਵਰਕ ਪਰਮਿਟ ਲਗਵਾਉਣ ਦਾ ਦਾ ਵਾਅਦਾ ਕੀਤਾ ਗਿਆ ਪਰ ਚੰਡੀਗੜ੍ਹ ਦੇ ਗੇੜਿਆਂ ਤੋਂ ਸਿਵਾਏ ਨੌਜਵਾਨਾਂ ਦੇ ਪੱਲੇ ਕੁਝ ਨਾ ਪਿਆ। ਠੱਗੀ ਦੇ ਸ਼ਿਕਾਰ ਨੌਜਵਾਨਾਂ ਵਿਚੋਂ ਕੁਝ ਨੂੰ ਵਰਕ ਪਰਮਿਟ ਅਤੇ ਕੁਝ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਭੇਜਣ ਦਾ ਲਾਰਾ ਲਾਇਆ ਗਿਆ ਜਦਕਿ ਅਮਰੀਕਾ ਜਾਣ ਦੇ ਇੱਛਕ ਨੌਜਵਾਨ ਨੂੰ ਵਿਆਹ ਕਰਵਾਉਣ ਦਾ ਲਾਲਚ ਦਿਤਾ ਗਿਆ। ਹਰਿਆਣੇ ਦੇ ਟੋਹਾਣਾ ਇਲਾਕੇ ਨਾਲ ਸਬੰਧਤ ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਨੰਗਲ ਦਾ ਸੁਖਜੀਤ ਸਿੰਘ ਉਸ ਬੇਟੇ ਹਰਕੋਮਲਪ੍ਰੀਤ ਸਿੰਘ ਨਾਲ ਸਕੂਲ ਵਿਚ ਪੜ੍ਹਦਾ ਸੀ। ਪਿਛਲੇ ਸਾਲ ਅਕਤੂਬਰ ਵਿਚ ਸੁਖਜੀਤ ਸਿੰਘ ਨੇ ਆਪਣਾ ਪਾਸਪੋਰਟ ਦਿਖਾਉਂਦਿਆਂ ਕਿਹਾ ਕਿ ਉਸ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਹੈ ਅਤੇ ਉਸ ਦਾ ਵੀਜ਼ਾ ਵੀ ਲਗਵਾ ਸਕਦਾ ਹੈ। ਇਸ ਮਗਰੋਂ ਹਰਕੋਮਲਪ੍ਰੀਤ ਸਿੰਘ ਨੇ ਆਪਣੇ ਪਰਵਾਰ ਨਾਲ ਗੱਲ ਕੀਤੀ ਤਾਂ ਉਹ ਮੰਨ ਗਏ। ਪਹਿਲੀ ਮੁਲਾਕਾਤ ਦੌਰਾਨ ਉਨ੍ਹਾਂ ਨੇ ਹਰਕੋਮਲਪ੍ਰੀਤ ਦੇ ਭਰਾ ਹਰਜੋਬਨਪ੍ਰੀਤ ਸਿੰਘ ਦਾ ਜ਼ਿਕਰ ਵੀ ਛੇੜ ਦਿਤਾ ਅਤੇ ਉਹ ਦੋਹਾਂ ਦਾ ਵੀਜ਼ਾ ਲਗਵਾਉਣ ਦੀ ਗੱਲ ਮੰਨ ਗਏ। ਦੋਹਾਂ ਭਰਾਵਾਂ ਦਾ ਵੀਜ਼ਾ ਲਗਵਾਉਣ ਲਈ 60 ਲੱਖ ਰੁਪਏ ਮੰਗੇ।
2 ਸਕੇ ਭਰਾਵਾਂ ਨੂੰ 60 ਲੱਖ ਰੁਪਏ ਦਾ ਰਗੜਾ ਲੱਗਿਆ
ਹਰਜੀਤ ਸਿੰਘ ਨੇ ਦੱਸਿਆ ਕਿ ਇਕ ਵਾਰ 15 ਲੱਖ ਅਤੇ ਦੂਜੀ ਵਾਰ ਢਾਈ ਲੱਖ ਰੁਪਏ ਅਦਾ ਕੀਤੇ ਅਤੇ ਸਮੇਂ ਸਮੇਂ ’ਤੇ ਰਕਮ ਜਾਂਦੀ ਰਹੀ ਪਰ ਪੂਰੀ ਰਕਮ ਵੀਜ਼ਾ ਦੇਣ ’ਤੇ ਅਦਾ ਕਰਨ ਦੀ ਗੱਲ ਆਖ ਦਿਤੀ। ਇਸ ’ਤੇ ਠੱਗਾਂ ਨੇ ਵਟਸਐਪ ’ਤੇ ਜਾਅਲੀ ਵੀਜ਼ੇ ਦੀ ਤਸਵੀਰ ਭੇਜ ਦਿਤੀ ਅਤੇ ਬਕਾਇਆ ਰਕਮ ਵੀ ਲੈ ਲਈ ਪਰ ਬਾਅਦ ਵਿਚ ਵੀਜ਼ਾ ਫਰਜ਼ੀ ਹੋਣ ਦੀ ਪੋਲ ਖੁਲ੍ਹ ਗਈ। ਪੁਲਿਸ ਕੋਲ ਜਾਣ ਦੀ ਧਮਕੀ ਦਿਤੀ ਤਾਂ ਠੱਗਾਂ ਨੇ ਕਥਿਤ ਤੌਰ ਨੇ ਕੁਝ ਦਿਨ ਲਟਕਾਉਣ ਮਗਰੋਂ ਆਖ ਦਿਤਾ ਕਿ 5 ਅਪ੍ਰੈਲ 2023 ਨੂੰ ਕੈਨੇਡਾ ਦੀ ਫਲਾਈਟ ਹੈ, ਦਿੱਲੀ ਪਹੁੰਚ ਜਾਣ। ਪਾਸਪੋਰਟ ਅਤੇ ਹੋਰ ਦਸਤਾਵੇਜ਼ ਹਵਾਈ ਅੱਡੇ ’ਤੇ ਹੀ ਮਿਲਣਗੇ। ਹਰਕੋਮਲਪ੍ਰੀਤ ਅਤੇ ਹਰਜੋਬਨਪ੍ਰੀਤ ਆਪਣੇ ਪਰਵਾਰ ਨਾਲ ਹਵਾਈ ਅੱਡੇ ਪੁੱਜੇ ਤਾਂ ਫੋਨ ਆ ਗਿਆ ਕਿ ਪਾਸਪੋਰਟ ਲਿਆਉਣ ਵਾਲਾ ਬਿਮਾਰ ਹੋ ਗਿਆ ਹੈ। ਪੁਲਿਸ ਵੱਲੋਂ ਹਰਜੀਤ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਰਨਾਲ ਜ਼ਿਲ੍ਹੇ ਦੇ ਰਿਸ਼ੀਪਾਲ, ਰਾਕੇਸ਼ ਕੁਮਾਰ ਅਤੇ ਸੀਆ ਰਾਮ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਏਜੰਟਾਂ ਨੇ 33 ਲੱਖ 75 ਹਜ਼ਾਰ ਰੁਪਏ ਵਸੂਲ ਕੀਤੇ ਪਰ ਸਭ ਕੁਝ ਫਰਜ਼ੀ ਸਾਬਤ ਹੋਇਆ। ਕਰਨਾਲ ਦੇ ਹੀ ਇਕ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ ਇਕ ਆਇਲਟਸ ਕੋਚਿੰਗ ਸੈਂਟਰ ਦੇ ਮਾਲਕ ਨੇ 35 ਲੱਖ ਰੁਪਏ ਦੀ ਮੰਗ ਕੀਤੀ। ਕੁਝ ਰਕਮ ਮਿਲਣ ਮਗਰੋਂ ਉਹ 40 ਲੱਖ ਰੁਪਏ ਦੀ ਮੰਗ ਕਰਨ ਲੱਗਾ ਅਤੇ ਆਖਰਕਾਰ ਟਾਲਮਟੋਲ ਕਰਨ ਲੱਗਾ। ਪੁਲਿਸ ਵੱਲੋਂ ਇਸ ਮਾਮਲੇ ਵਿਚ ਵੀ ਪੜਤਾਲ ਕੀਤੀ ਜਾ ਰਹੀ ਹੈ।