ਸੀਬੀਐਫਸੀ ਨੇ ਦਿਲਜੀਤ ਦੋਸਾਂਝ ਦੀ ਫਿਲਮ ‘ਘੱਲੂਘਾਰਾ’ ’ਚੋਂ ਕੱਟੇ 21 ਸੀਨ
ਸਿੱਖ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਤੋਂ ਪ੍ਰੇਰਿਤ ਹੈ ਫਿਲਮ ਨਿਰਾਸ਼ ਹੋਏ ਫਿਲਮ ਨਿਰਮਾਤਾ ਰੋਨੀ ਸਕਰੂਵਾਲਾ ਪਹੁੰਚੇ ਬੰਬੇ ਹਾਈ ਕੋਰਟ ਦਿਲਜੀਤ ਦੋਸਾਂਝ ਨੇ ਨਿਭਾਇਆ ਹੈ ਸ. ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਵੀ ਨੇ ਫਿਲਮ ‘ਘੱਲੂਘਾਰਾ’ ਦਾ ਹਿੱਸਾ ਦਿਲਜੀਤ ਦੋਸਾਂਝ ਤੇ ਅਰਜੁਨ ਰਾਮਪਾਲ ਦੀ ਇੱਕਠੇ ਹੋਵੇਗੀ ਪਹਿਲੀ ਫਿਲਮ ਮੁੰਬਈ, 5 ਜੁਲਾਈ, […]
By : Editor (BS)
ਸਿੱਖ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਤੋਂ ਪ੍ਰੇਰਿਤ ਹੈ ਫਿਲਮ
ਨਿਰਾਸ਼ ਹੋਏ ਫਿਲਮ ਨਿਰਮਾਤਾ ਰੋਨੀ ਸਕਰੂਵਾਲਾ ਪਹੁੰਚੇ ਬੰਬੇ ਹਾਈ ਕੋਰਟ
ਦਿਲਜੀਤ ਦੋਸਾਂਝ ਨੇ ਨਿਭਾਇਆ ਹੈ ਸ. ਜਸਵੰਤ ਸਿੰਘ ਖਾਲੜਾ ਦਾ ਕਿਰਦਾਰ
ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਵੀ ਨੇ ਫਿਲਮ ‘ਘੱਲੂਘਾਰਾ’ ਦਾ ਹਿੱਸਾ
ਦਿਲਜੀਤ ਦੋਸਾਂਝ ਤੇ ਅਰਜੁਨ ਰਾਮਪਾਲ ਦੀ ਇੱਕਠੇ ਹੋਵੇਗੀ ਪਹਿਲੀ ਫਿਲਮ
ਮੁੰਬਈ, 5 ਜੁਲਾਈ, ਹ.ਬ. : ਪੰਜਾਬੀ ਤੇ ਬਾਲੀਵੁੱਡ ਐਕਟਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਜਸਵੰਤ ਸਿੰਘ ਖਾਲੜਾ ਦੀ ਜੀਵਨੀ ’ਤੇ ਆਧਾਰਿਤ ਫਿਲਮ ‘ਘੱਲੂਘਾਰਾ’ ਨੂੰ ਲੈ ਕੇ ਵੱਡੀ ਅੱਪਡੇਟ ਸਾਹਮਣੇ ਆਈ ਹੈ। ਆਉਣ ਵਾਲੀ ਫਿਲਮ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ 21 ਕੱਟਾਂ ਦੇ ਨਾਲ ਸਰਟੀਫਿਕੇਟ ਦਿੱਤਾ ਹੈ। ਜਿਸ ਤੋਂ ਨਿਰਾਸ਼ ਹੋਏ ਫਿਲਮ ਦੇ ਨਿਰਮਾਤਾ ਰੋਨੀ ਸਕਰੂਵਾਲਾ ਨੇ ਹੁਣ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਹੈ। ਤੁਹਾਨੂੰ ਦੱਸ ਦਈਏ ਕੇ ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਵਿੱਚ ਅਹਿਮ ਭੂਮਿਕਾ ਵਿੱਚ ਦਿਖਾਈ ਦੇਣ ਵਾਲੇ ਹਨ। ਫਿਲਮ ਦੇ ਦ੍ਰਿਸ਼ਾਂ ਨੂੰ ਕੱਟਣ ਦਾ ਕੀ ਮਾਮਲਾ ਹੈ ਆਓ ਤੁਹਾਨੂੰ ਵਿਸਥਾਰ ਵਿੱਚ ਦੱਸਦੇ ਹਾਂ।
ਪੰਜਾਬੀ ਤੇ ਬਾਲੀਵੁੱਡ ਐਕਟਰ ਦਿਲਜੀਤ ਦੋਸਾਂਝ ਲਗਾਤਾਰ ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹਨ। ਐਕਟਰ ਦਿਲਜੀਤ ਦੋਸਾਂਝ ਨੂੰ ਹੁਣ ਕੌਂਟਰਵਰਸ਼ੀਅਲ ਫਿਲਮਾਂ ਦਾ ਮਾਹਿਰ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿਉਂਕੀ ਜਿਨ੍ਹਾਂ ਮੁੱਦਿਆਂ ਨੂੰ ਚਿਰਾਂ ਤੋਂ ਚੁੱਕਿਆ ਨਹੀਂ ਗਿਆ ਸੀ ਉਹਨਾਂ ਮੁੱਦਿਆ ਉੱਪਰ ਦਿਲਜੀਤ ਦੋਸਾਂਝ ਫਿਲਮਾਂ ਕਰ ਰਹੇ ਹਨ। ਅਜਿਹਾ ਹੀ ਇੱਕ ਮੁੱਦਾ ਹੈ ਸ. ਜਸਵੰਤ ਸਿੰਘ ਖਾਲੜਾ ਦਾ, ਜੋ ਕਿ 80 ਤੋਂ 90 ਦੇ ਦਹਾਕਿਆਂ ਵਿੱਚ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਰਹੇ। ਉਸ ਸਮੇਂ ਦੌਰਾਨ ਜਦੋਂ ਪੰਜਾਬ ਬਗਾਵਤ ਦੀ ਸਥਿਤੀ ਵਿੱਚ ਸੀ। ਜਿਹਨਾਂ ਦੀ ਕਹਾਣੀ ਇਤਿਹਾਸ ਦੇ ਪੰਨਿਆਂ ਵਿੱਚ ਹੀ ਦਬੀ ਰਹਿ ਗਈ। ਪਰ ਹੁਣ ਜਦੋਂ ਸ. ਜਸਵੰਤ ਸਿੰਘ ਖਾਲੜਾ ਦੀ ਜਿਵਨੀ ਤੋਂ ਪ੍ਰੇਰਿਤ ਫਿਲਮ ‘ਘੱਲੂਘਾਰਾ’ ਬਣ ਕੇ ਤਿਆਰ ਹੋਈ ਤਾਂ ਸੀਬੀਐਫਸੀ ਯਾਨੀ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਇਸ ਉਪਰ ਆਪਣੀ ਕੈਂਚੀ ਚਲਾਉਂਦੇ ਹੋਏ ਫਿਲਮ ਵਿੱਚ 21 ਥਾਵਾਂ ਉਪਰ ਕੱਟ ਲਗਾ ਦਿੱਤਾ।
ਕੁੱਝ ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੀਬੀਐਫਸੀ ਨੇ ਫਿਲਮ ‘ਘੱਲੂਘਾਰਾ’ ਵਿੱਚ 21 ਕਟੌਤੀਆਂ ਕਰਨ ਦਾ ਸੁਝਾਅ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੁਝ ਭਾਗ ਅਤੇ ਸੰਵਾਦ ਅਜਿਹੇ ਹਨ ਜੋ ਭੜਕਾਊ ਅਤੇ ਫਿਰਕੂ ਸੁਭਾਅ ਦੇ ਹਨ ਅਤੇ ਹਿੰਸਾ ਭੜਕਾਉਣ ਦੇ ਨਾਲ-ਨਾਲ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾ ਸਕਦੇ ਹਨ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਫਿਲਮ ‘ਘੱਲੂਘਾਰਾ’ ਦੇਸ਼ ਦੀ ਪ੍ਰਭੂਸੱਤਾ ਦੇ ਨਾਲ-ਨਾਲ ਵਿਦੇਸ਼ੀ ਰਾਜਾਂ ਨਾਲ ਸਬੰਧਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਸੀਬੀਐਫਸੀ ਨੇ ਕੁਝ ਸੰਵਾਦਾਂ ਅਤੇ ਇਸਦੇ ਸਿਰਲੇਖ ਨੂੰ ਹਟਾਉਣ ਦਾ ਵੀ ਆਦੇਸ਼ ਦਿੱਤਾ ਹੈ।
ਇਸ ਦੇ ਨਾਲ ਹੀ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਫਿਲਮ ‘ਘੱਲੂਘਾਰਾ’ ਦੇ ਨਿਰਮਾਤਾ ਰੋਨੀ ਸਕ੍ਰੂਵਾਲਾ ਦੀ ਆਰਐਸਵੀਪੀ ਫਿਲਮਜ਼ ਨੇ ਸਿਨੇਮੈਟੋਗ੍ਰਾਫ ਐਕਟ ਦੀ ਧਾਰਾ 5ਸੀ ਦੇ ਤਹਿਤ ਬੰਬੇ ਹਾਈ ਕੋਰਟ ਵਿੱਚ ਇੱਕ ਅਪੀਲ ਦਾਇਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਫਿਲਮ ਵਿੱਚ ਕਟੌਤੀ ਦੀ ਮੰਗ ਨੂੰ ਚੁਣੌਤੀ ਦਿੱਤੀ ਹੈ। ਭਾਰਤ ਦੇ ਸੰਵਿਧਾਨ ਦੀ ਧਾਰਾ 19 (1)(ੳ)। ਅਗਲੀ ਸੁਣਵਾਈ 14 ਜੁਲਾਈ 2023 ਨੂੰ ਹੋਵੇਗੀ।
ਓਧਰ ਐਕਟਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੋਚੇਲਾ ਵਿੱਚ ਪ੍ਰੋਫਾਰਮ ਕੀਤਾ ਸੀ। ਜਿਸ ਦੇ ਨਾਲ ਉਹ ਅਜਿਹਾ ਕਰਨ ਵਾਲਾ ਪਹਿਲਾ ਪੰਜਾਬੀ ਗਾਇਕ ਬਣ ਗਿਆ ਸੀ। ਉਸ ਕੋਲ ਪਾਈਪਲਾਈਨ ਵਿੱਚ ਬਾਇਓਪਿਕ ਚਮਕੀਲਾ ਵੀ ਹੈ, ਜਿੱਥੇ ਉਹ ਪੰਜਾਬ ਦੇ ਸਭ ਤੋਂ ਵੱਧ ਵਿਕਣ ਵਾਲੇ ਕਲਾਕਾਰ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾ ਰਿਹਾ ਹੈ। ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਤ, ਇਸ ਫਿਲਮ ਵਿੱਚ ਪਰਿਣੀਤੀ ਚੋਪੜਾ ਵੀ ਉਸਦੀ ਪਾਰਟਨਰ ਅਮਰਜੋਤ ਕੌਰ ਦੇ ਰੂਪ ਵਿੱਚ ਹੈ। ਪੰਜਾਬ ਵਿੱਚ ਸੈੱਟ ਕੀਤੀ ਗਈ, ਫਿਲਮ ਵਿੱਚ ਦਿਲਜੀਤ ਅਤੇ ਪਰਿਣੀਤੀ ਅਸਲ-ਜੀਵਨ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੇ ਰੂਪ ਵਿੱਚ ਹਨ, ਜੋ ਕਿ 1988 ਵਿੱਚ ਇੱਕ ਕਤਲ ਦੇ ਰਹੱਸ ਵਿੱਚ, ਆਪਣੇ ਬੈਂਡ ਦੇ ਦੋ ਮੈਂਬਰਾਂ ਸਮੇਤ, ਮਾਰੇ ਗਏ ਸੀ, ਜੋ ਅਜੇ ਵੀ ਅਣਸੁਲਝਿਆ ਮਾਮਲਾ ਹੈ। ਫਿਲਮ ਦਾ ਫਰਸਟ ਲੁੱਕ ਮਈ ’ਚ ਸ਼ੇਅਰ ਕੀਤਾ ਗਿਆ ਸੀ।
ਖੈਰ ਹੁਣ ਫਿਲਮ ‘ਘੱਲੂਘਾਰਾ’ ਨੂੰ ਲੈ ਕੇ ਵੀ ਦਰਸ਼ਕਾਂ ਵਿੱਚ ਕਾਫੀ ਉਤਸੁਕਤਾ ਹੈ ਪਰ ਦੇਖਣਾ ਹੋਵੇਗਾ ਕਿ ਸੀਬੀਐਫਸੀ ਵੱਲੋਂ ਫਿਲਮ ਵਿੱਚ ਲਗਾਏ ਗਏ 21 ਕੱਟਾਂ ਉੱਪਰ ਬੰਬੇ ਹਾਈ ਕੋਰਟ ਦਾ ਕੀ ਫੈਸਲਾ ਆਉਂਦਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਜੁਲਾਈ 2023 ਨੂੰ ਹੋਵੇਗੀ।