ਮਿਲਵਾਕੀ ਦੇ ਗੁਰਦੁਆਰਾ ਸਾਹਿਬ ਵਿਖੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਹੋਏ
ਮਿਲਵਾਕੀ (ਅਮਰੀਕਾ) 25 ਦਸੰਬਰ (ਹਮਦਰਦ ਦੇ ਵਿਸ਼ੇਸ਼ ਪ੍ਰਤੀਨਿਧ ਦੁਆਰਾ):-ਬੀਤੇ ਦਿਨੀਂ 25 ਦਸੰਬਰ ਨੂੰ ਅਮਰੀਕਾ ਦੇ ਵਿਸਕਾਨਸਿਨ ਸੂਬੇ ਦੇ ਮਿਲਵਾਕੀ ਸ਼ਹਿਰ ਵਿਖੇ ਬਰੁੱਕਫੀਲਡ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਤੋਂ ਸੰਗਤਾਂ ਸ਼ਾਮਿਲ ਹੋਈਆਂ। 23 ਦਸੰਬਰ […]
By : Hamdard Tv Admin
ਮਿਲਵਾਕੀ (ਅਮਰੀਕਾ) 25 ਦਸੰਬਰ (ਹਮਦਰਦ ਦੇ ਵਿਸ਼ੇਸ਼ ਪ੍ਰਤੀਨਿਧ ਦੁਆਰਾ):-ਬੀਤੇ ਦਿਨੀਂ 25 ਦਸੰਬਰ ਨੂੰ ਅਮਰੀਕਾ ਦੇ ਵਿਸਕਾਨਸਿਨ ਸੂਬੇ ਦੇ ਮਿਲਵਾਕੀ ਸ਼ਹਿਰ ਵਿਖੇ ਬਰੁੱਕਫੀਲਡ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਤੋਂ ਸੰਗਤਾਂ ਸ਼ਾਮਿਲ ਹੋਈਆਂ। 23 ਦਸੰਬਰ ਨੂੰ ਆਰੰਭ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਗੁਰਦੁਆਰਾ ਸਾਹਿਬ ਦੇ ਰਾਗੀ ਜਥਾ ਭਾਈ ਸੁਖਵਿੰਦਰ ਸਿੰਘ, ਭਾਈ ਹਰਸਿਮਰਨ ਸਿੰਘ ਜੀ, ਭਾਈ ਅਰਸ਼ਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ ਤੇ ਭਾਈ ਲਖਵਿੰਦਰ ਸਿੰਘ ਜੀ ਨੇ ਕੀਰਤਨ ਦੁਆਰਾ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ।ਇਸ ਉਪਰੰਤ ਗੁਰੂ ਘਰ ਵਿਖੇ ਗੁਰਦੁਆਰਾ ਬਰੁੱਕਫੀਲਡ ਸਕੂਲ ਦੇ ਬੱਚਿਆਂ ਵਲੋਂ ਵੀਰ ਬਾਲ ਦਿਵਸ ਦੇ ਤੌਰ ਤੇ ਇਸ ਦਿਹਾੜੇ ਨੂੰ ਬੜੀ ਸ਼ਰਧਾ ਨਾਲ ਚੇਤੇ ਕੀਤਾ। ਬੱਚਿਆਂ ਨੇ ਸਾਹਿਬਜਾਦਿਆਂ ਨਾਲ ਸਬੰਧਿਤ ਕਵਿਤਾਵਾਂ ਤੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ। ਛੋਟੇ ਬੱਚਿਆਂ ਦੇ ਮੂੰਹੋਂ ਦਰਦ ਭਰੇ ਬੋਲ ਸੰਗਤਾਂ ਦੇ ਮਨਾਂ ਨੂੰ ਛੋਹ ਗਏ।ਸਕੂਲ ਦੇ ਬੱਚਿਆਂ ਅਰਜਨ ਸਿੰਘ ਗਰੇਵਾਲ, ਹਰਤੇਸ਼ ਸਿੰਘ, ਇਵਾਨ ਸਿੰਘ, ਪਰਮਪ੍ਰੀਤ ਸਿੰਘ, ਪਵਨਜੋਤ ਸਿੰਘ ਖੁਰਾਣਾ, ਦੀਪ ਜਸ ਸਿੰਘ, ਮੇਹਰ ਪ੍ਰਤਾਪ ਸਿੰਘ ਗੁਰੂ, ਅਨਸ਼ ਸਿੰਘ ਡਡਵਾਲ, ਨੰਦ ਪ੍ਰੀਤ ਕੌਰ, ਸਾਹਿਬਜੋਤ ਸਿੰਘ, ਅੰਗਮ ਕੌਰ, ਦਰਸ਼ਪ੍ਰੀਤ ਸਿੰਘ ਅਭੈ, ਵੀਰ ਸਿੰਘ, ਮਨਿੰਦਰ ਸਿੰਘ, ਸਵਾਰੋਰੀਤ ਸਿੰਘ, ਅਰਦਸ਼ੀਪ ਕੌਰ, ਸਿਮਰਨਪ੍ਰੀਤ ਸਿੰਘ, ਗਨੀਬ ਕੌਰ, ਗੁਰਲੀਨ ਕੌਰ ਆਦਿ ਬੱਚਿਆਂ ਨੇ ਲੱਗਭਗ ਇਕ ਘੰਟਾ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਤੇ ਸਾਹਿਬਜਾਦਿਆਂ ਦੀ ਸ਼ਹਾਦਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਸ਼ਹੀਦੀ ਦਿਵਸ ਦੇ ਮੌਕੇ ਮਿਲਵਾਕੀ ਸ਼ਹਿਰ ਦੇ ਮੇਅਰ ਮਾਣਯੋਗ ਕੈਵਲੀਅਰ ਜੌਹਨਸਨ ਨੇ ਆਪਣੇ ਸੰਖੇਪ ਸ਼ਬਦਾਂ ਵਿਚ ਆਪਣੇ ਵਿਚਾਰ ਸਾਂਝੇ ਕੀਤੇ।ਅਮਰੀਕਾ ‘ਚ ਵੱਸਦੇ ਸਿੱਖ ਭਾਈਚਾਰੇ ਦੇ ਬਹੁਤ ਹੀ ਕਰੀਬੀ ਬਰੁੱਕਫੀਲਡ ਤੋਂ ਕਾਂਗਰਸਮੈਨ ਔਨਰੇਬਲ ਗਲੈਨ ਗਰੋਥਮੈਨ ਨੇ ਸਾਹਿਬਜਾਦਿਆ ਦੀ ਸ਼ਹੀਦੀ ਨੂੰ ਯਾਦ ਕੀਤਾ। ਅਮਰੀਕਾ ਸਥਿਤ ਭਾਰਤੀ ਅੰਬੈਸੀ ਵਲੋਂ ਸ੍ਰੀ ਜਗਮੋਹਨ ਜੀ ਮਨਿਸਟਰ ਕਮਿਊਨਿਟੀ ਅਫੇਅਰਜ਼ ਇੰਡੀਅਨ ਕੌਂਸਲੇਟ ਜਨਰਲ ਵਲੋਂ ਸੰਖੇਪ ਵਿਚ ਸ਼ਰਧਾਂਜਲੀ ਭੇਂਟ ਕੀਤੀ ਗਈ।ਭਾਰਤ ਸਰਕਾਰ ਵਲੋਂ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਨੂੰ ਵਿਸ਼ਵ ਪੱਧਰ ਤੇ ਮਨਾਇਆ ਗਿਆ ਹੈ।
ਭਾਰਤ ਤੋਂ ਇਸ ਸਮਾਗਮ ਵਿਚ ਸ਼ਿਰਕਤ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ੍ਰ: ਸਤਨਾਮ ਸਿੰਘ ਸੰਧੂ ਨੇ ਆਪਣੀ ਤਕਰੀਰ ਵਿਚ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਹਿੰਦੂ, ਸਿੱਖ, ਮੁਸਲਿਮ ਏਕਤਾ ਬਾਰੇ ਬੋਲਦਿਆਂ ਆਖਿਆ ਕਿ ਗੰਗੂ ਬ੍ਰਾਹਮਣ ਜੇ ਮਾੜਾ ਸੀ ਤੇ ਦੀਵਾਨ ਟੋਡਰ ਮੱਲ ਨੂੰ ਸਿੱਖ ਕੌਮ ਹਮੇਸ਼ਾ ਸਤਿਕਾਰ ਨਾਲ ਯਾਦ ਕਰਦੀ ਹੈ।ਜੇ ਬੱਚਿਆਂ ਨੂੰ ਨੀਹਾਂ ‘ਚ ਚਿਨਣ ਦਾ ਹੁਕਮ ਦੇਣ ਵਾਲੇ ਵਜ਼ੀਰ ਖਾਂ ਸਨ ਤਾਂ ਦੂਜੇ ਪਾਸੇ ਨਵਾਬ ਮਲੇਰਕੋਟਲਾ ਨੇ ਬੱਚਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ।ਉਨ੍ਹਾਂ ਕਿਹਾ ਕਿ ਸਾਨੂੰ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਹਿੰਦੂ ਧਰਮ ਦੀ ਰਾਖੀ ਕਰਦਿਆਂ ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਦਿੱਤੀ ਸੀ।ਉਨ੍ਹਾਂ ਨੇ ਸ੍ਰੀ ਨਰਿੰਦਰ ਮੋਦੀ ਦੀ ਇਸ ਗੱਲੋਂ ਸ਼ਲਾਘਾ ਕੀਤੀ ਤੇ ਉਨ੍ਹਾਂ ਨੇ ਆਪਣੇ ਪ੍ਰਧਾਨ ਮੰਤਰੀ ਦੇ 9 ਸਾਲ ਦੇ ਦੌਰਾਨ ਭਾਰਤ ਵਿਚ 27 ਦਸੰਬਰ ਦੀ ਸਾਹਿਬਜਾਦਿਆਂ ਦੀ ਸ਼ਹਾਦਤ ਵਾਲੇ ਦਿਨ ਨੂੰ ਸਰਕਾਰੀ ਛੁੱਟੀ ਦਾ ਐਲਾਨ ਹੀ ਨਹੀਂ ਕੀਤਾ ਸਗੋਂ ਦੁਨੀਆਂ ਭਰ ਦੇ ਦੇਸ਼ਾਂ ਵਿਚ ਸਾਰੇ ਦੂਤਘਰਾਂ ਤੇ ਕੌਸਲੇਟ ਦਫਤਰਾਂ ਵਿਚ ਵੀਰਬਾਲ ਦਿਵਸ ਮਨਾ ਕੇ ਸਾਹਿਬਜਾਦਿਆਂ ਦੀ ਸ਼ਹੀਦੀ ਬਾਰੇ ਦੁਨੀਆਂ ਭਰ ਦੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਸਮਾਗਮ ਕਰਵਾਏ ਹਨ।
ਬਾਬਾ ਦਿਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੇ ਸਾਹਿਬਜਾਦਿਆਂ ਦੀ ਸ਼ਹਾਦਤ ਬਾਰੇ ਦਿਲ ਨੂੰ ਛੋਹਣ ਵਾਲੀ ਦਾਸਤਾਨ ਦੱਸ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ ਤੇ ਉਨ੍ਹਾਂ ਦੱਸਿਆਂ ਕਿ ਉਹ ਉਸ ਇਲਾਕੇ ਨਾਲ ਸਬੰਧਿਤ ਹਨ ਜਿਥੇ ਬੱਚਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਲਾਕੇ ਦੇ ਲੋਕ ਇਹਨਾਂ ਦਿਨਾਂ ਵਿਚ ਜ਼ਮੀਨ ਤੇ ਸੌਂਦੇ ਹਨ ਤਾਂ ਕਿ ਉਹ ਇਸ ਗੱਲ ਦਾ ਅਹਿਸਾਸ ਕਰ ਸਕਣ ਕਿ ਸਾਹਿਬਜਾਦਿਆਂ ਨੇ ਪੋਹ ਦੀਆਂ ਠੰਡੀਆਂ ਰਾਤਾਂ ਵਿਚ ਮਾਤਾ ਗੁਜਰੀ ਨਾਲ ਠੰਡੇ ਬੁਰਜ ਵਿਚ ਰਾਤਾਂ ਗੁਜਾਰੀਆਂ ਸਨ। ਵਾਸ਼ਿੰਗਟਨ ਡੀ ਸੀ ਤੋਂ ਆਏ ਸੁਖਪਾਲ ਸਿੰਘ ਧਨੋਆ ਨੇ ਸਿੱਖ ਇਤਿਹਾਸ ਦੇ ਹਵਾਲੇ ਨਾਲ ਉਸ ਮੌਕੇ ਨੂੰ ਬਿਆਨ ਕੀਤਾ।ਸ਼ਿਕਾਗੋ ਤੋਂ ਬੀਬੀ ਗੁਰਲੀਨ ਕੌਰ ਨੇ ਸਾਹਿਬਾਦਿਆਂ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ।
ਡਾਕਟਰ ਜੋਗਾ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ ਸ਼ਬਦਾਂ ਰਾਹੀਂ ਉਸ ਮੌਕੇ ਨੂੰ ਬਿਆਨ ਕੀਤਾ ਜਦੋ ਸ਼ਹਾਦਤ ਹੋਈ ਸੀ।ਗੁਰਚਰਨ ਸਿੰਘ ਗਰੇਵਾਲ ਨੇ ਵੀ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਿਤ ਕੀਤਾ।ਗੁਰੂ ਘਰ ਦੇ ਟਰੱਸਟ ਦੇ ਪ੍ਰਧਾਨ ਸ੍ਰ: ਬਚਨ ਸਿੰਘ ਗਿੱਲ ਵਲੋਂ ਵੱਖ-ਵੱਖ ਬੁਲਾਰਿਆਂ, ਸ਼ਹੀਦੀ ਦਿਵਸ ਦੁਨੀਆਂ ਪੱਧਰ ਤੇ ਮਨਾਉਣ ਲਈ ਸਰਕਾਰ ਦਾ, ਦੂਰੋ ਨੇੜਿਓ ਆਈਆਂ ਸਮੂਹ ਸੰਗਤਾਂ, ਸਕੂਲ ਦੀਆਂ ਟੀਚਰ ਸਹਿਬਾਨ ਮਨਪ੍ਰੀਤ ਕੌਰ ਸੁਬੀ ਸਹਿਗਲ, ਰਮਨ ਹੰਸੀ, ਰਮਨਦੀਪ ਕੌਰ, ਨਵਪ੍ਰੀਤ ਕੌਰ ਆਦਿ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਬੱਚਿਆਂ ਨੂੰ ਇਸ ਸਮਾਗਮ ਤੇ ਬੋਲਣ ਲਈ ਤਿਆਰ ਕੀਤਾ।ਚੇਤੇ ਰਹੇ ਕਿ ਬਰੁੱਕਫੀਲਡ ਗੁਰੂ ਘਰ ਦੀ ਸਥਾਪਨਾ 1999 ਵਿਚ ਹੋਈ ਸੀ ਤੇ ਉਥੇ ਅੱਜ ਤੱਕ ਕਦੇ ਵੀ ਚੋਣ ਨਹੀਂ ਹੋਈ ਤੇ ਸੰਗਤਾਂ ਸਰਬ ਸੰਮਤੀ ਨਾਲ ਹੀ ਮੁੱਖ ਸੇਵਾਦਾਰਾਂ ਦੀ ਚੋਣ ਕਰਦੇ ਹਨ।ਇਸ ਮੌਕੇ ਤੇ ਇੰਡੀਅਨ ਮੈਨੋਰਲਟੀ ਫਾਊਂਡੇਸ਼ਨ ਵਲੋਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਦੇ ਬੈਨਰ ਹੇਠ ਵੀਰ ਬਾਲ ਦਿਵਸ ਮਨਾਇਆ ਤੇ ਛੋਟੇ-ਛੋਟੇ ਬੱਚਿਆਂ ਨੇ ਸਮਾਗਮ ‘ਚ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਕੇ ਜੋਸ਼ ਭਰ ਦਿੱਤਾ।ਬੱਚਿਆਂ ਨੂੰ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਅਮਰੀਕਾ ਦੇ ਉਘੇ ਬਿਜਨੈਸਮੈਨ ਤੇ ਸਮਾਜ ਸੇਵੀ ਸ੍ਰ: ਦਰਸ਼ਨ ਸਿੰਘ ਧਾਲੀਵਾਲ ਦੀ ਅਗਵਾਈ ਹੇਠ, ਸਤਨਾਮ ਸਿੰਘ ਸੰਧੂ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ, ਬਚਨ ਸਿੰਘ ਗਿੱਲ ਟਰੱਸਟ ਦੇ ਪ੍ਰਧਾਨ ਅਤੇ ਗੁਰੂ ਘਰ ਦੇ ਹੋਰ ਸੇਵਾਦਾਰਾਂ ਨੇ ਬੱਚਿਆਂ ਨੂੰ ਸਰਟੀਫਿਕੇਟ ਤੇ ਨਗਦ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ।ਇਸ ਸਮਾਗਮ ਦੀ ਲਈ ਸ੍ਰ: ਦਰਸ਼ਨ ਸਿੰਘ ਧਾਲੀਵਾਲ ਵਲੋਂ ਪਾਏ ਯੋਗਦਾਨ ਦੀ ਵੱਖ-ਵੱਖ ਬੁਲਾਰਿਆਂ ਨੇ ਸ਼ਲਾਘਾ ਕੀਤੀ।ਟਰਾਂਟੋ ਤੋਂ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਘੇ ਆਗੂ ਬੇਅੰਤ ਸਿੰਘ ਧਾਲੀਵਾਲ ਤੇ ਹਮਦਰਦ ਦੇ ਅਮਰ ਸਿੰਘ ਭੁੱਲਰ ਵੀ ਸਮਾਗਮ ਵਿਚ ਸ਼ਾਮਿਲ ਹੋਏ। ਸਮੂਹ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ।