ਨਿਊ ਯਾਰਕ ਵਿਚ ‘ਟਰਬਨ ਡੇਅ’ ਮੌਕੇ ਹੋਇਆ ਭਾਰੀ ਇਕੱਠ
ਨਿਊ ਯਾਰਕ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਨਿਊ ਯਾਰਕ ਵਿਖੇ ਮਨਾਏ ਦਸਤਾਰ ਦਿਹਾੜੇ ਮੌਕੇ ਜਿਥੇ ਭਾਰਤੀ ਲੋਕ ਵੱਡੀ ਗਿਣਤੀ ਵਿਚ ਪੁੱਜੇ, ਉਥੇ ਹੀ ਸਮਾਜ ਦੇ ਹੋਰਨਾਂ ਵਰਗਾਂ ਨਾਲ ਸਬੰਧਤ ਲੋਕਾਂ ਨੇ ਵੀ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਟਾਈਮਜ਼ ਸਕੁਏਅਰ ਵਿਖੇ ਕਰਵਾਏ ਸਮਾਗਮ ਦੌਰਾਨ ਹਰ ਪਾਸੇ ਦਸਤਾਰਾਂ ਹੀ ਦਸਤਾਰਾਂ ਨਜ਼ਰ ਆ ਰਹੀਆਂ ਸਨ ਅਤੇ ਪੰਜਾਬੀ ਸਭਿਆਚਾਰ ਤੋਂ […]
By : Editor Editor
ਨਿਊ ਯਾਰਕ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਨਿਊ ਯਾਰਕ ਵਿਖੇ ਮਨਾਏ ਦਸਤਾਰ ਦਿਹਾੜੇ ਮੌਕੇ ਜਿਥੇ ਭਾਰਤੀ ਲੋਕ ਵੱਡੀ ਗਿਣਤੀ ਵਿਚ ਪੁੱਜੇ, ਉਥੇ ਹੀ ਸਮਾਜ ਦੇ ਹੋਰਨਾਂ ਵਰਗਾਂ ਨਾਲ ਸਬੰਧਤ ਲੋਕਾਂ ਨੇ ਵੀ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਟਾਈਮਜ਼ ਸਕੁਏਅਰ ਵਿਖੇ ਕਰਵਾਏ ਸਮਾਗਮ ਦੌਰਾਨ ਹਰ ਪਾਸੇ ਦਸਤਾਰਾਂ ਹੀ ਦਸਤਾਰਾਂ ਨਜ਼ਰ ਆ ਰਹੀਆਂ ਸਨ ਅਤੇ ਪੰਜਾਬੀ ਸਭਿਆਚਾਰ ਤੋਂ ਅਣਜਾਣ ਲੋਕਾਂ ਨੇ ਪੰਜਾਬੀ ਗੀਤਾਂ ’ਤੇ ਨੱਚ-ਨੱਚ ਧਰਤੀ ਪੁੱਟ ਦਿਤੀ। ਅਮਰੀਕੀ ਫੌਜ ਵਿਚ ਦਸਤਾਰ ਅਤੇ ਦਾੜ੍ਹੀ ਸਣੇ ਸੇਵਾਵਾਂ ਨਿਭਾਉਣ ਵਾਲੇ ਪਹਿਲੇ ਸਿੱਖ ਅਫਸਰ ਲੈਫਟੀਨੈਂਟ ਕਰਨਲ ਤੇਜਦੀਪ ਸਿੰਘ ਰਤਨ ਖਾਸ ਤੌਰ ’ਤੇ ਸਮਾਗਮ ਵਿਚ ਸ਼ਾਮਲ ਹੋਏ ਜੋ ਇਸ ਵੇਲੇ ਕੈਲੇਫੋਰਨੀਆ ਵਿਖੇ ਤੈਨਾਤ ਹਨ।
ਸਿੱਖ ਭਾਈਚਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਨਜ਼ਰ ਆਇਆ ਅਮਰੀਕੀ ਸਮਾਜ
ਉਨ੍ਹਾਂ ਦੱਸਿਆ ਕਿ 2009 ਵਿਚ ਉਹ ਅਮਰੀਕੀ ਫੌਜ ਦਾ ਹਿੱਸਾ ਬਣੇ ਪਰ ਇਸ ਵੇਲੇ ਵੱਡੀ ਗਿਣਤੀ ਵਿਚ ਸਿੱਖ ਫੌਜੀ ਸਾਬਤ ਸੂਰਤ ਰੂਪ ਵਿਚ ਅਮਰੀਕੀ ਫੌਜ ਵਿਚ ਭਰਤੀ ਹੋ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਹਾਲ ਹੀ ਵਿਚ ਵੈਸਟ ਪੁਆਇੰਟ ਤੋਂ ਕਈ ਸਿੱਖਾਂ ਨੇ ਆਪਣੀ ਸਿਖਲਾਈ ਮੁਕੰਮਲ ਕੀਤੀ ਅਤੇ ਉਮੀਦ ਕਰਦੇ ਹਾਂ ਕਿ ਜਲਦ ਹੀ ਅਮਰੀਕੀ ਫੌਜ ਦਾ ਜਰਨੈਲ ਇਕ ਸਿੱਖ ਹੋਵੇਗਾ। ‘ਟਰਬਨ ਡੇਅ’ ਦੇ ਪ੍ਰਬੰਧਕਾਂ ਵਿਚੋਂ ਇਕ ਕੰਵਲਦੀਪ ਸਿੰਘ ਨੇ ਕਿਹਾ ਕਿ ਕਰਨਲ ਤੇਜਦੀਪ ਸਿੰਘ ਰਤਨ ਦੀ ਸਮਾਗਮ ਵਿਚ ਸ਼ਮੂਲੀਅਤ ਨਾਲ ਮਾਣ ਮਹਿਸੂਸ ਹੋ ਰਿਹਾ ਹੈ। ਹੁਣ ਅਮਰੀਕਾ ਸਾਡਾ ਮੁਲਕ ਬਣ ਚੁੱਕਾ ਹੈ ਤਾਂ ਸਿੱਖ ਨੌਜਵਾਨ ਲਾਜ਼ਮੀ ਤੌਰ ’ਤੇ ਇਥੋਂ ਦੀ ਫੌਜ ਵਿਚ ਭਰਤੀ ਹੋਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਛੇਵੇਂ ਸਾਲ ਟਾਈਮਜ਼ ਸਕੁਏਅਰ ਵਿਖੇ ਦਸਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਪੱਛਮੀ ਸਭਿਅਤਾ ਵਾਲੇ ਵੀ ਦਸਤਾਰਾਂ ਦੀ ਅਹਿਮੀਅਤ ਸਮਝਣ ਲੱਗੇ ਹਨ। ਇਕ ਹੋਰ ਵਾਲੰਟੀਅਰ ਗੁਰਪ੍ਰੀਤ ਸਿੰਘ ਸੋਢੀ ‘ਟਰਬਨ ਡੇਅ’ ਵਿਚ ਸ਼ਾਮਲ ਹੋਣ ਵਾਲਿਆਂ ਦੇ ਸਿਰ ’ਤੇ ਦਸਤਾਰਾਂ ਸਜਾ ਰਹੇ ਸਨ।
ਪੱਛਮੀ ਸਭਿਅਤਾ ਵਾਲਿਆਂ ਨੇ ਪੰਜਾਬੀ ਗੀਤਾਂ ’ਤੇ ਪਾਇਆ ਭੰਗੜਾ
ਗੁਰਪ੍ਰੀਤ ਸੋਢੀ ਨੇ ਦੱਸਿਆ ਕਿ ਉਹ ਹਰ ਸਾਲ 4 ਜੁਲਾਈ ਜਾਂ 11 ਸਤੰਬਰ ਵਾਲੇ ਦਿਨ, ਅਮਰੀਕੀ ਝੰਡੇ ਵਾਲੀ ਦਸਤਾਰ ਸਜਾਉਂਦੇ ਹਨ। ਦੂਜੇ ਪਾਸੇ ਅਮਰੀਕਾ ਦੇ ਰੱਖਿਆ ਵਿਭਾਗ ਦੀ ਸਿਵੀਲੀਅਨ ਇਕਾਈ ਵਿਚ ਕੰਮ ਕਰਦੀ ਕੰਵਲ ਸਮਰਾ ਆਪਣੇ ਬੇਟੇ ਗੁਰਨਾਜ਼ ਸਿੰਘ ਅਤੇ ਮਿਹਰ ਕੌਰ ਨੂੰ ਲੈ ਕੇ ਸਮਾਗਮ ਵਿਚ ਪੁੱਜੀ। ਅਮਰੀਕੀ ਫੌਜ ਦੀ ਬਰੂਕਲਿਨ ਸਾਊਥ ਕੰਪਨੀ ਵਿਚ ਅਪ੍ਰੇਸ਼ਨਜ਼ ਅਫਸਰ ਫਸਟ ਲੈਫਟੀਨੈਂਟ ਅਮਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਸਾਥੀ ਕੈਪਟਨ ਟਾਇਲਰ ਸਟੌਟਸ ਨੂੰ ਲੈ ਕੇ ਇਥੇ ਆਏ ਹਨ ਤਾਂਕਿ ਉਨ੍ਹਾਂ ਨੂੰ ਸਿੱਖ ਧਰਮ ਵਿਚ ਪੱਗ ਦੀ ਅਹਿਮੀਅਤ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿਤੀ ਜਾ ਸਕੇ। ਇਸੇ ਦੌਰਾਨ ਤੇਜਦੀਪ ਸਿੰਘ ਰਤਨ ਨੇ ਦੱਸਿਆ ਕਿ ਭਾਵੇਂ ਅਮਰੀਕੀ ਫੌਜ ਨੇ ਤਿੰਨ ਵਾਰ ਉਨ੍ਹਾਂ ਨੂੰ ਭਰਤੀ ਕਰਨ ਤੋਂ ਨਾਂਹ ਕਰ ਦਿਤੀ ਪਰ ਹਿੰਮਤ ਨਹੀਂ ਹਾਰੀ ਅਤੇ ਆਖਰਕਾਰ ਫੌਜ ਦਾ ਹਿੱਸਾ ਬਣ ਗਏ। ਉਨ੍ਹਾਂ ਕਿਹਾ ਕਿ ਭਾਵੇਂ ਉਹ ਦੰਦਾਂ ਦੇ ਡਾਕਟਰ ਵਜੋਂ ਫੌਜ ਦਾ ਹਿੱਸਾ ਬਣੇ ਪਰ ਇਸ ਵੇਲੇ ਉਨ੍ਹਾਂ ਦਾ ਕੰਮ ਸਿਖਲਾਈ ਪ੍ਰੋਗਰਾਮਾਂ ਦੀ ਨਿਗਰਾਨੀ ਕਰਨਾ ਹੈ।