ਟੋਰਾਂਟੋ ਦੇ ਲੋਕਾਂ ਨੂੰ ਨਸ਼ੇ ਰੱਖਣ ਦੀ ਇਜਾਜ਼ਤ ਤੋਂ ਕੈਨੇਡਾ ਸਰਕਾਰ ਨੇ ਕੀਤੀ ਨਾਂਹ
ਟੋਰਾਂਟੋ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦਾ ਤਜਰਬਾ ਅਸਫਲ ਰਹਿਣ ਮਗਰੋਂ ਫੈਡਰਲ ਸਰਕਾਰ ਨੇ ਟੋਰਾਂਟੋ ਦੇ ਲੋਕਾਂ ਨੂੰ ਮਾਮੂਲੀ ਮਾਤਰਾ ਵਿਚ ਨਸ਼ੇ ਰੱਖਣ ਦੀ ਇਜਾਜ਼ਤ ਦੇਣ ਤੋਂ ਸਾਫ ਨਾਂਹ ਕਰ ਦਿਤੀ ਹੈ। ਮਾਨਸਿਕ ਸਿਹਤ ਮਾਮਲਿਆਂ ਬਾਰੇ ਮੰਤਰੀ ਯਾਰਾ ਸੈਕਸ ਨੇ ਕਿਹਾ ਕਿ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਅਜਿਹਾ ਕੋਈ ਫੈਸਲਾ ਨਹੀਂ ਲਿਆ […]
By : Editor Editor
ਟੋਰਾਂਟੋ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦਾ ਤਜਰਬਾ ਅਸਫਲ ਰਹਿਣ ਮਗਰੋਂ ਫੈਡਰਲ ਸਰਕਾਰ ਨੇ ਟੋਰਾਂਟੋ ਦੇ ਲੋਕਾਂ ਨੂੰ ਮਾਮੂਲੀ ਮਾਤਰਾ ਵਿਚ ਨਸ਼ੇ ਰੱਖਣ ਦੀ ਇਜਾਜ਼ਤ ਦੇਣ ਤੋਂ ਸਾਫ ਨਾਂਹ ਕਰ ਦਿਤੀ ਹੈ। ਮਾਨਸਿਕ ਸਿਹਤ ਮਾਮਲਿਆਂ ਬਾਰੇ ਮੰਤਰੀ ਯਾਰਾ ਸੈਕਸ ਨੇ ਕਿਹਾ ਕਿ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਅਜਿਹਾ ਕੋਈ ਫੈਸਲਾ ਨਹੀਂ ਲਿਆ ਜ ਸਕਦਾ। ਟੋਰਾਂਟੋ ਸਿਟੀ ਕੌਂਸਲ ਵੱਲੋਂ ਓਵਰਡੋਜ਼ ਕਾਰਨ ਵਧਦੀਆਂ ਮੌਤਾਂ ਦੇ ਮੱਦੇਨਜ਼ਰ 2022 ਵਿਚ ਕੈਨੇਡਾ ਸਰਕਾਰ ਨੂੰ ਇਹ ਗੁਜ਼ਾਰਿਸ਼ ਕੀਤੀ ਗਈ ਸੀ ਅਤੇ ਉਨਟਾਰੀਓ ਦੇ ਮੁੱਖ ਸਿਹਤ ਅਫਸਰ ਵੀ ਚਾਹੁੰਦੇ ਹਨ ਕਿ ਨਿਜੀ ਵਰਤੋਂ ਵਾਸਤੇ ਨਸ਼ੇ ਰੱਖਣ ਦੀ ਖੁੱਲ੍ਹ ਸੂਬੇ ਦੇ ਲੋਕਾਂ ਨੂੰ ਦਿਤੀ ਜਾਵੇ।
ਫੈਡਰਲ ਸਰਕਾਰ ਨੇ ਸਿਹਤ ਅਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿਤਾ
ਫੈਡਰਲ ਸਰਕਾਰ ਦੀ ਨਾਂਹ ਮਗਰੋਂ ਟੋਰਾਂਟੋ ਦੀ ਮੈਡੀਕਲ ਅਫਸਰ ਡਾ. ਆਇਲੀਨ ਦਾ ਵਿਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਓਪੀਔਇਡ ਸੰਕਟ ਨਾਲ ਨਜਿੱਠਣ ਵਾਸਤੇ ਲਾਜ਼ਮੀ ਹੈ ਕਿ ਮਾਮੂਲੀ ਮਾਤਰਾ ਵਿਚ ਨਸ਼ੇ ਰੱਖਣ ਦੀ ਇਜਾਜ਼ਤ ਵਾਲੀ ਨੀਤੀ ਅਪਣਾਈ ਜਾਵੇ ਪਰ ਫੈਡਰਲ ਸਰਕਾਰ ਦਾ ਇਨਕਾਰ ਟੋਰਾਂਟੋ ਦੇ ਸਿਹਤ ਵਿਭਾਗ ਨੂੰ ਬਦਲਵੇਂ ਰਾਹ ਤਲਾਸ਼ ਕਰਨ ਵੱਲ ਲਿਜਾ ਰਿਹਾ ਹੈ। ਦੱਸ ਦੇਈਏ ਕਿ ਟੋਰਾਂਟੋ ਵਿਖੇ 2023 ਦੌਰਾਨ ਨਸ਼ਿਆਂ ਨਾਲ ਸਬੰਧਤ 733 ਮੌਤਾਂ ਹੋਈਆਂ ਜਦਕਿ 2016 ਤੋਂ ਬਾਅਦ ਕੈਨੇਡਾ ਵਿਚ 42 ਹਜ਼ਾਰ ਲੋਕ ਨਸ਼ਿਆਂ ਦੀ ਓਵਰਡੋਜ਼ ਕਾਰਨ ਜਾਨ ਗਵਾ ਚੁੱਕੇ ਹਨ। ਦੂਜੇ ਪਾਸੇ ਉਨਟਾਰੀਓ ਦਾ ਚੀਫ ਮੈਡੀਕਲ ਅਫਸਰ ਭਾਵੇਂ ਨਸ਼ੇ ਰੱਖਣ ਦੀ ਖੁੱਲ੍ਹ ਦਿਤੇ ਜਾਣ ਦੇ ਹੱਕ ਵਿਚ ਹੈ ਪਰ ਪਿਛਲੇ ਹਫਤੇ ਉਨਟਾਰੀਓ ਦੀ ਸਿਹਤ ਮੰਤਰੀ ਸਿਲਵੀਆ ਜੋਨਜ਼ ਅਤੇ ਸਾਲਿਸਟਰ ਜਨਰਲ ਮਾਈਕਲ ਕਰਜ਼ਨਰ ਨੇ ਟੋਰਾਂਟੋ ਦੀ ਮੈਡੀਕਲ ਅਫਸਰ ਨੂੰ ਇਕ ਪੱਤਰ ਲਿਖਦਿਆਂ ਨਸ਼ਿਆਂ ਬਾਰੇ ਉਨ੍ਹਾਂ ਦੀ ਸਟੈਂਡ ਦੀ ਹਮਾਇਤ ਕਰਨ ਤੋਂ ਪਾਸਾ ਵੱਟ ਲਿਆ।
ਓਵਰਡੋਜ਼ ਸੰਕਟ ਨਾਲ ਨਜਿੱਠਣ ਲਈ ਟੋਰਾਂਟੋ ਸਿਟੀ ਕੌਂਸਲ ਨੇ ਕੀਤੀ ਸੀ ਗੁਜ਼ਾਰਿਸ਼
ਸਿਲਵੀਆ ਜੋਨਜ਼ ਨੇ ਲਿਖਿਆ, ‘‘ਕਿਸੇ ਵੀ ਹਾਲਾਤ ਵਿਚ ਉਨਟਾਰੀਓ ਸਰਕਾਰ ਤੁਹਾਡੀ ਗੁਜ਼ਾਰਿਸ਼ ਦੀ ਹਮਾਇਤ ਨਹੀਂ ਕਰ ਸਕਦੀ ਕਿਉਂਕਿ ਅਜਿਹਾ ਹੋਣ ਦੀ ਸੂਰਤ ਵਿਚ ਅਪਰਾਧ ਵਧਣਗੇ ਅਤੇ ਲੋਕਾਂ ਵਿਚ ਨਸ਼ਿਆਂ ਦੀ ਆਦਤ ਵਿਚ ਵੀ ਵਾਧਾ ਹੋਵੇਗਾ। ਇਸ ਤੋਂ ਪਹਿਲਾਂ ਟੋਰਾਂਟੋ ਦੀ ਮੇਅਰ ਓਲੀਵੀਆ ਚੌਅ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੂੰ ਪੱਤਰ ਲਿਖ ਕੇ ਓਪੀਔਇਡ ਸੰਕਟ ਸੁਲਝਾਉਣ ਵਾਸਤੇ ਮਦਦ ਮੰਗ ਚੁੱਕੇ ਹਨ। ਮੇਅਰ ਵੱਲੋਂ ਦੋਹਾਂ ਆਗੂਆਂ ਨੂੰ ਸੁਝਾਅ ਦਿਤਾ ਗਿਆ ਕਿ 24 ਘੰਟੇ ਕੰਮ ਕਰਨ ਵਾਲੇ ਕ੍ਰਾਇਸਿਸ ਸੈਂਟਰ ਕਾਇਮ ਕੀਤੇ ਜਾਣ ਅਤੇ ਨਵੇਂ ਸਿਰੇ ਤੋਂ ਸਮਾਜਿਕ ਸਹਾਇਤਾ ਆਰੰਭੀ ਜਾਵੇ। ਹੁਣ ਜਦੋਂ ਟੋਰਾਂਟੋ ਨੂੰ ਜਵਾਬ ਮਿਲ ਚੁੱਕਾ ਹੈ ਤਾਂ ਬੀ.ਸੀ. ਵਿਚ ਵੀ ਮਾਮੂਲੀ ਮਾਤਰਾ ਵਿਚ ਨਸ਼ੇ ਰੱਖਣਾ ਮੁੜ ਅਪਰਾਧ ਦੇ ਘੇਰੇ ਵਿਚ ਲਿਆਂਦਾ ਜਾ ਰਿਹਾ ਹੈ। ਬੀ.ਸੀ. ਵਿਚ ਜਨਵਰੀ ਤੋਂ ਮਾਮੂਲੀ ਮਾਤਰਾ ਵਿਚ ਨਸ਼ੇ ਰੱਖਣ ਅਪਰਾਧ ਨਹੀਂ ਸੀ ਰਹਿ ਗਿਆ ਪਰ ਇਸ ਯੋਜਨਾ ਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਰਿਹਾ ਹੈ। ਹੁਣ ਬੀ.ਸੀ. ਵਿਚ ਜਨਤਕ ਥਾਵਾਂ ’ਤੇ ਆਪਣੇ ਕੋਲ ਨਸ਼ੇ ਰੱਖਣਾ ਅਪਰਾਧ ਹੈ ਪਰ ਆਪਣੇ ਘਰ ਜਾਂ ਕਿਸੇ ਹੋਰ ਪ੍ਰਾਈਵੇਟ ਥਾਂ ’ਤੇ ਨਸ਼ਿਆਂ ਦੀ ਵਰਤੋਂ ਕਰਨ ਵਾਲਿਆਂ ਨੂੰ ਗ੍ਰਿਫ਼ਤਾਰੀ ਦੇ ਘੇਰੇ ਵਿਚੋਂ ਬਾਹਰ ਰੱਖਿਆ ਗਿਆ ਹੈ।