ਕੈਨੇਡਾ ਵਿਚ ਵਧਣ ਲੱਗੀਆਂ ਗੈਸੋਲੀਨ ਦੀਆਂ ਕੀਮਤਾਂ
ਟੋਰਾਂਟੋ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਗੈਸੋਲੀਨ ਦੀਆਂ ਕੀਮਤਾਂ ਵਿਚ ਅਚਾਨਕ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਪਿਛਲੇ ਹਫਤੇ ਦੌਰਾਨ ਟੋਰਾਂਟੋ ਵਿਖੇ 12 ਸੈਂਟ ਪ੍ਰਤੀ ਲਿਟਰ ਦਾ ਵਾਧਾ ਦਰਜ ਕੀਤਾ ਗਿਆ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਗੈਸਬਡੀ ਦੇ ਅੰਕੜਿਆਂ ਮੁਤਾਬਕ ਕੌਮੀ ਪੱਧਰ ਉਤੇ ਤੇਲ 4.7 ਫੀ ਸਦੀ ਮਹਿੰਗਾ ਹੋਇਆ। ਸਿਰਫ ਇਥੇ ਹੀ ਬੱਸ […]
By : Editor Editor
ਟੋਰਾਂਟੋ, 19 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਗੈਸੋਲੀਨ ਦੀਆਂ ਕੀਮਤਾਂ ਵਿਚ ਅਚਾਨਕ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਪਿਛਲੇ ਹਫਤੇ ਦੌਰਾਨ ਟੋਰਾਂਟੋ ਵਿਖੇ 12 ਸੈਂਟ ਪ੍ਰਤੀ ਲਿਟਰ ਦਾ ਵਾਧਾ ਦਰਜ ਕੀਤਾ ਗਿਆ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਗੈਸਬਡੀ ਦੇ ਅੰਕੜਿਆਂ ਮੁਤਾਬਕ ਕੌਮੀ ਪੱਧਰ ਉਤੇ ਤੇਲ 4.7 ਫੀ ਸਦੀ ਮਹਿੰਗਾ ਹੋਇਆ। ਸਿਰਫ ਇਥੇ ਹੀ ਬੱਸ ਨਹੀਂ ਆਉਣ ਵਾਲੇ ਕੁਝ ਹਫਤਿਆਂ ਵਿਚ ਤੇਲ ਹੋਰ ਮਹਿੰਗਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਇਕ ਹਫਤੇ ਵਿਚ 12 ਸੈਂਟ ਪ੍ਰਤੀ ਲਿਟਰ ਦਾ ਵਾਧਾ
ਮੁਲਕ ਦੇ ਹਰ ਹਿੱਸੇ ਵਿਚ ਵਾਧਾ ਦਰ ਵੱਖੋ-ਵੱਖਰੀ ਦਰਜ ਕੀਤੀ ਗਈ। ਉਨਟਾਰੀਓ ਵਿਚ ਤੇਲ ਕੀਮਤਾਂ ਸਭ ਤੋਂ ਜ਼ਿਆਦਾ ਵਧੀਆਂ ਜਦਕਿ ਬੀ.ਸੀ. ਦੂਜੇ ਸਥਾਨ ’ਤੇ ਰਿਹਾ। ਇਸ ਮਗਰੋਂ ਕਿਊਬੈਕ ਤੀਜੇ ਅਤੇ ਨਿਊਫਾਊਂਡਲੈਂਡ, ਐਲਬਰਟਾ ਅਤੇ ਨਿਊ ਬ੍ਰਨਜ਼ਵਿਕ ਚੌਥੇ ਸਥਾਨ ’ਤੇ ਰਹੇ। ਪੈਟਰੋਲੀਅਮ ਵਿਸ਼ਲੇਸ਼ਕ ਪੈਟ੍ਰਿਕ ਦਾ ਹਾਨ ਨੇ ਦੱਸਿਆ ਕਿ ਮਾਰਚ ਵਿਚ ਹੋਏ ਵਾਧੇ ਲਈ ਤਿੰਨ ਕਾਰਨ ਜ਼ਿੰਮੇਵਾਰ ਰਹੇ। ਬਸੰਤ ਰੁੱਤ ਦੀਆਂ ਛੁੱਟੀਆ ਆ ਰਹੀਆਂ ਹਨ ਅਤੇ ਗਰਮ ਮੌਸਮ ਵੀ ਦਸਤਕ ਦੇਣ ਵਾਲਾ ਹੈ ਜਿਸ ਦੇ ਮੱਦੇਨਜ਼ਰ ਗੈਸੋਲੀਨ ਦੀ ਮੰਗ ਵਧ ਜਾਂਦੀ ਹੈ। ਪਿਛਲੇ ਹਫਤੇ ਤੇਲ ਦੀ ਮੰਗ ਵਿਚ ਤਿੰਨ ਫੀ ਸਦੀ ਵਾਧਾ ਹੋਇਆ। ਮੰਗ ਵਧਣ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਆਉਣ ਵਾਲੇ ਸਮੇਂ ਦੌਰਾਨ ਤੇਲ ਹੋਰ ਮਹਿੰਗਾ ਹੋਣ ਦੇ ਆਸਾਰ ਵਧਦੇ ਜਾਣਗੇ। ਤੇਲ ਕੀਮਤਾਂ ਵਿਚ ਵਾਧਾ ਵਿਕਟੋਰੀਆ ਡੇਅ ਤੱਕ ਜਾਰੀ ਰਹਿ ਸਕਦਾ ਹੈ ਅਤੇ ਇਸ ਤੋਂ ਬਾਅਦ ਹੀ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ।
ਆਉਣ ਵਾਲੇ ਹਫਤਿਆਂ ਵਿਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ
ਤੇਲ ਖੇਤਰ ਦੇ ਇਕ ਹੋਰ ਜਾਣਕਾਰ ਡੈਨ ਮੈਕਟੀਗ ਦਾ ਕਹਿਣਾ ਸੀ ਕਿ ਸੈਰ ਸਪਾਟਾ ਕਰਨ ਦੇ ਸ਼ੌਕੀਨ ਲੋਕਾਂ ਨੂੰ ਵੱਖ ਵੱਖ ਸ਼ਹਿਰਾਂ ਵਿਚਲੀਆਂ ਕੀਮਤਾਂ ਬਾਰੇ ਜਾਣਕਾਰੀ ਰੱਖਣੀ ਚਾਹੀਦੀ ਹੈ ਕਿਉਂਕ ਕਈ ਥਾਵਾਂ ’ਤੇ ਇਕ ਲਿਟਰ ਗੈਸੋਲੀਨ 10 ਸੈਂਟ ਤੱਕ ਸਸਤਾ ਮਿਲ ਸਕਦਾ ਹੈ। ਇਸ ਮਕਸਦ ਨਹੀ ਗੈਸ ਪ੍ਰਾਈਸ ਐਪਸ ਦੀ ਮਦਦ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਹਾਈਵੇਅ ’ਤੇ ਜਾਣ ਵੇਲੇ ਕਰੂਜ਼ ਕੰਟਰੋਲ ਦੀ ਵਰਤੋਂ ਕੀਤੀ ਜਾਵੇ ਤਾਂ ਤੇਲ ਦੀ ਬੱਚਤ ਹੋ ਸਕਦੀ ਹੈ। ਜਿਥੇ ਗੈਸ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ, ਉਥੇ ਹੀ ਡੀਜ਼ਲ ਦਾ ਭਾਅ ਹੇਠ ਵੱਲ ਜਾਂਦਾ ਵੇਖਿਆ ਜਾ ਸਕਦਾ ਹੈ। ਇਸ ਵੇਲੇ ਕੈਨੇਡਾ ਵਿਚ ਡੀਜ਼ਲ ਦੀ ਔਸਤ ਕੀਮਤ 1.65 ਡਾਲਰ ਪ੍ਰਤੀ ਲਿਟਰ ਚੱਲ ਰਹੀ ਹੈ ਅਤੇ ਗੈਸੋਲੀਨ ਦਾ ਭਾਅ 1.57 ਡਾਲਰ ਤੱਕ ਪੁੱਜ ਚੁੱਕਾ ਹੈ। ਦੂਜੇ ਪਾਸੇ ਟੋਰਾਂਟੋ ਦੇ ਲੈਨਰਿਕ ਬੈਨੇਟ ਨੇ ਕਿਹਾ ਕਿ ਤੇਲ ਕੀਮਤਾਂ ਵਿਚ ਵਾਧੇ ਦੇ ਮੱਦੇਨਜ਼ਰ ਕੈਨੇਡਾ ਵਾਸੀਆਂ ਨੂੰ ਸਾਈਕਲ ਵਰਤਣ ’ਤੇ ਜ਼ੋਰ ਦੇਣਾ ਚਾਹੀਦਾ ਹੈ ਜੇ ਉਨ੍ਹਾਂ ਦੇ ਸਫਰ ਦੀ ਦੂਰੀ 20 ਕਿਲੋਮੀਟਰ ਜਾਂ ਇਸ ਤੋਂ ਘੱਟ ਹੈ।