ਕੈਨੇਡਾ ਵਿਚ ਮਹਿੰਗਾਈ ਦਰ ਘਟੀ, ਵਿਆਜ ਦਰਾਂ ’ਚ ਪਹਿਲੀ ਕਟੌਤੀ ਤੈਅ
ਟੋਰਾਂਟੋ, 22 ਮਈ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਦਰ ਵਿਚ ਆਈ ਮਾਮੂਲੀ ਕਮੀ ਮਗਰੋਂ ਵਿਆਜ ਦਰਾਂ ਵਿਚ ਪਹਿਲੀ ਕਟੌਤੀ ਤੈਅ ਮੰਨੀ ਜਾ ਰਹੀ ਹੈ। ਜੀ ਹਾਂ, ਅਪ੍ਰੈਲ ਦੌਰਾਨ ਮਹਿੰਗਾਈ ਦਰ 2.7 ਫੀ ਸਦੀ ਦਰਜ ਕੀਤੀ ਗਈ ਜੋ ਮਾਰਚ ਵਿਚ 2.9 ਫੀ ਸਦੀ ਰਹੀ ਪਰ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਹੁਣ ਵੀ ਜਾਰੀ ਹੈ। ਅਪ੍ਰੈਲ […]
By : Editor Editor
ਟੋਰਾਂਟੋ, 22 ਮਈ (ਵਿਸ਼ੇਸ਼ ਪ੍ਰਤੀਨਿਧ) : ਮਹਿੰਗਾਈ ਦਰ ਵਿਚ ਆਈ ਮਾਮੂਲੀ ਕਮੀ ਮਗਰੋਂ ਵਿਆਜ ਦਰਾਂ ਵਿਚ ਪਹਿਲੀ ਕਟੌਤੀ ਤੈਅ ਮੰਨੀ ਜਾ ਰਹੀ ਹੈ। ਜੀ ਹਾਂ, ਅਪ੍ਰੈਲ ਦੌਰਾਨ ਮਹਿੰਗਾਈ ਦਰ 2.7 ਫੀ ਸਦੀ ਦਰਜ ਕੀਤੀ ਗਈ ਜੋ ਮਾਰਚ ਵਿਚ 2.9 ਫੀ ਸਦੀ ਰਹੀ ਪਰ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਹੁਣ ਵੀ ਜਾਰੀ ਹੈ। ਅਪ੍ਰੈਲ ਦੌਰਾਨ ਖੁਰਾਕੀ ਵਸਤਾਂ 1.4 ਫੀ ਸਦੀ ਮਹਿੰਗੀਆਂ ਹੋਈਆਂ ਜਦਕਿ ਮਾਰਚ ਵਿਚ 1.9 ਫੀ ਸਦੀ ਵਾਧਾ ਦਰਜ ਕੀਤਾ ਗਿਆ। ਮੀਟ ਦੀਆਂ ਕੀਮਤਾਂ ਵਿਚ ਕਮੀ ਨੇ ਖੁਰਾਕੀ ਵਸਤਾਂ ਦੇ ਮਹਿੰਗੇ ਹੋਣ ਦੀ ਰਫਤਾਰ ਨੂੰ ਠੱਲ੍ਹ ਪਾਈ। ਇਸ ਤੋਂ ਇਲਾਵਾ ਬੇਕਰੀ, ਫਲ ਅਤੇ ਸੀਅਫੂਡ ਤੋਂ ਇਲਾਵਾ ਬਗੈਰ ਐਲਕੌਹਲ ਵਾਲੇ ਡ੍ਰਿੰਕਸ ਦੇ ਭਾਅ ਹੇਠਾਂ ਆਏ।
ਅਪ੍ਰੈਲ ਦੌਰਾਨ 2.7 ਫੀ ਸਦੀ ਦਰਜ ਕੀਤਾ ਗਿਆ ਅੰਕੜਾ
ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਅਪ੍ਰੈਲ 2021 ਮਗਰੋਂ ਲੋਕਾਂ ਦਾ ਗਰੌਸਰੀ ਖਰਚਾ 21 ਫੀ ਸਦੀ ਤੋਂ ਉਤੇ ਜਾ ਚੁੱਕਾ ਹੈ। ਆਰਥਿਕ ਮਾਹਰਾਂ ਮੁਤਾਬਕ ਮਾਰਚ 2021 ਤੋਂ ਬਾਅਦ ਪਹਿਲੀ ਵਾਰ ਮਹਿੰਗਾਈ ਦਰ ਹੇਠਲੇ ਪੱਧਰ ’ਤੇ ਆਈ ਹੈ ਜਦੋਂ ਕੰਜ਼ਿਊਮਰ ਪ੍ਰਾਈਸ ਇੰਡੈਕਸ 2.2 ਫੀ ਸਦੀ ਦਰਜ ਕੀਤਾ ਗਿਆ। ਦੂਜੇ ਪਾਸੇ ਅਪ੍ਰੈਲ ਦੌਰਾਨ ਖਪਤਕਾਰਾਂ ਨੇ ਗੈਸ ਵਾਸਤੇ 6.1 ਫੀ ਸਦੀ ਵੱਧ ਕੀਮਤ ਅਦਾ ਕੀਤੀ। ਮਕਾਨ ਕਿਰਾਏ ਦਾ ਜ਼ਿਕਰ ਕੀਤਾ ਜਾਵੇ ਤਾਂ ਐਲਬਰਟਾ ਵਿਚ ਸਭ ਤੋਂ ਜ਼ਿਆਦਾ 16.2 ਫੀ ਸਦੀ ਵਾਧਾ ਹੋਇਆ। ਇਸ ਦੇ ਉਲਟ ਕੌਮੀ ਪੱਧਰ ’ਤੇ ਮਕਾਨ ਕਿਰਾਏ 8.2 ਫ਼ੀ ਸਦੀ ਵਧੇ। ਕੈਲਗਰੀ ਦੀ ਮਾਊਂਟ ਰਾਯਲ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਤਾਲਾ ਅਬੂ ਨੇ ਦੱਸਿਆ ਕਿ ਕਿਰਾਏ ਵਿਚ ਵਾਧੇ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ ’ਤੇ ਪੈ ਰਿਹਾ ਹੈ ਜੋ ਗੁਜ਼ਾਰਾ ਚਲਾਉਣ ਲਈ ਚਾਰ-ਚਾਰ ਜਣੇ ਇਕੱਠੇ ਹੋ ਕੇ ਰਹਿ ਰਹੇ ਹਨ। ਕਈ ਘਰਾਂ ਵਿਚ ਤਾਂ ਰਸੋਈ ਅਤੇ ਲੌਂਡਰੀ ਦੀ ਸਹੂਲਤ ਵੀ ਮੌਜੂਦ ਨਹੀਂ।
ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਜਾਰੀ
ਮਹਿੰਗਾਈ ਦਰ ਨਾਲ ਸਬੰਧਤ ਅੰਕੜਾ ਘਟਣ ਦੇ ਮੱਦੇਨਜ਼ਰ ਬੈਂਕ ਆਫ ਕੈਨੇਡਾ 5 ਜੂਨ ਨੂੰ ਹੋਣ ਵਾਲੀ ਮੀਟਿੰਗ ਵਿਚ ਵਿਆਜ ਦਰਾਂ ਘਟਾਉਣ ਦਾ ਐਲਾਨ ਕਰ ਸਕਦਾ ਹੈ। ਸੀ.ਆਈ.ਬੀ.ਸੀ. ਦੇ ਸੀਨੀਅਰ ਇਕੌਨੋਮਿਸਟ ਐਂਡਰਿਊ ਗ੍ਰੈਂਥਮ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਵਿਆਜ ਦਰਾਂ ਵਿਚ ਕਟੌਤੀ ਦਾ ਰਾਹ ਪੱਧਰ ਹੋ ਚੁੱਕਾ ਹੈ। ਬੈਂਕ ਆਫ ਕੈਨੇਡਾ ਵੱਲੋਂ ਮਹਿੰਗਾਈ ਦਰ 2 ਫੀ ਸਦੀ ਜਾਂ 2.2 ਫੀ ਸਦੀ ਦੇ ਨੇੜੇ ਤੇੜੇ ਆਉਣ ਦੀ ਉਮੀਦ ਵਿਚ ਪਿਛਲੇ ਕਈ ਮਹੀਨੇ ਤੋਂ ਵਿਆਜ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸੇ ਦੌਰਾਨ ਬੈਂਕ ਆਫ ਮੌਂਟਰੀਅਲ ਦੇ ਚੀਫ ਇਕੌਨੋਮਿਸਟ ਡਗਲਸ ਪੋਰਟਰ ਦਾ ਕਹਿਣਾ ਸੀ ਕਿ ਭਾਵੇਂ ਜੂਨ ਦੌਰਾਨ ਵਿਆਜ ਦਰਾਂ ਵਿਚ ਕਟੌਤੀ ਯਕੀਨੀ ਮੰਨੀ ਜਾ ਸਕਦੀ ਹੈ ਪਰ ਫਿਰ ਵੀ ਉਸ ਵੇਲੇ ਦੇ ਹਾਲਾਤ ਨੂੰ ਧਿਆਨ ਵਿਚ ਰੱਖਣਾ ਲਾਜ਼ਮੀ ਹੋਵੇਗਾ। ਕੁਝ ਆਰਥਿਕ ਮਾਹਰ ਕਹਿ ਰਹੇ ਹਨ ਕਿ ਜੇ ਵਿਆਜ ਦਰਾਂ ਵਿਚ ਅੱਜ ਕਟੌਤੀ ਕੀਤੀ ਜਾਂਦੀ ਹੈ ਤਾਂ ਇਸ ਦਾ ਅਸਰ ਮਹਿਸੂਸ ਹੋਣ ਵਿਚ ਘੱਟੋ ਘੱਟੋ 12 ਤੋਂ 14 ਮਹੀਨੇ ਲੱਗ ਸਕਦੇ ਹਨ। ਬਿਨਾਂ ਸ਼ੱਕ ਆਉਣ ਵਾਲਾ ਸਮਾਂ ਕਾਫੀ ਅਹਿਮ ਹੋਵੇਗਾ ਜੋ ਕੈਨੇਡੀਅਨ ਅਰਥਚਾਰੇ ਨੂੰ ਹੁਲਾਰਾ ਦੇਣ ਦੀ ਤਾਕਤ ਰਖਦਾ ਹੈ।