ਕੈਨੇਡਾ ਦੇ ਵਿਜ਼ਟਰ ਵੀਜ਼ਾ ਅਤੇ ਸਟੱਡੀ ਵੀਜ਼ਾ ਲਈ ਪੁਲਿਸ ਕਲੀਅਰੈਂਸ ਲਾਜ਼ਮੀ ਨਹੀਂ
ਔਟਵਾ, 29 ਮਈ (ਵਿਸ਼ੇਸ਼ ਪ੍ਰਤੀਨਿਧ) : ਵਿਜ਼ਟਰ ਵੀਜ਼ਾ ਜਾਂ ਸਟੱਡੀ ਵੀਜ਼ਾ ਲਈ ਕੈਨੇਡਾ ਸਰਕਾਰ ਵੱਲੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਾਜ਼ਮੀ ਨਹੀਂ ਕੀਤੇ ਗਏ ਅਤੇ ਨਾ ਹੀ ਭਵਿੱਖ ਵਿਚ ਕੀਤੇ ਜਾਣ ਦੀ ਯੋਜਨਾ ਹੈ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਟਿੱਪਣੀ ਹਾਊਸ ਕਾਮਨਜ਼ ਦੀ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਕੀਤੀ। ਕੰਜ਼ਰਵੇਟਿਵ ਪਾਰਟੀ ਦੇ […]
By : Editor Editor
ਔਟਵਾ, 29 ਮਈ (ਵਿਸ਼ੇਸ਼ ਪ੍ਰਤੀਨਿਧ) : ਵਿਜ਼ਟਰ ਵੀਜ਼ਾ ਜਾਂ ਸਟੱਡੀ ਵੀਜ਼ਾ ਲਈ ਕੈਨੇਡਾ ਸਰਕਾਰ ਵੱਲੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਲਾਜ਼ਮੀ ਨਹੀਂ ਕੀਤੇ ਗਏ ਅਤੇ ਨਾ ਹੀ ਭਵਿੱਖ ਵਿਚ ਕੀਤੇ ਜਾਣ ਦੀ ਯੋਜਨਾ ਹੈ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਟਿੱਪਣੀ ਹਾਊਸ ਕਾਮਨਜ਼ ਦੀ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਦੌਰਾਨ ਕੀਤੀ। ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਅਰਪਣ ਖੰਨਾ ਵੱਲੋਂ ਲਗਾਤਾਰ ਇਸ ਮੁੱਦੇ ’ਤੇ ਸਵਾਲ ਉਠਾਏ ਜਾ ਰਹੇ ਸਨ ਜਿਨ੍ਹਾਂ ਦੇ ਜਵਾਬ ਵਿਚ ਮਾਰਕ ਮਿਲਰ ਨੇ ਸਪੱਸ਼ਟ ਲਫਜ਼ਾਂ ਵਿਚ ਕਿਹਾ ਕਿ ਉਨ੍ਹਾਂ ਵੱਲੋਂ ਕਦੇ ਵੀ ਅਜਿਹੇ ਸਰਟੀਫਿਕੇਟ ਲਾਜ਼ਮੀ ਕਰਨ ਦਾ ਜ਼ਿਕਰ ਨਹੀਂ ਕੀਤਾ ਗਿਆ।
ਇੰਮੀਗ੍ਰੇਸ਼ਨ ਮੰਤਰੀ ਨੇ ਪਾਰਲੀਮਾਨੀ ਕਮੇਟੀ ਅੱਗੇ ਕੀਤਾ ਦਾਅਵਾ
ਇੰਮੀਗ੍ਰੇਸ਼ਨ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਕੈਨੇਡਾ ਆਉਣ ਵਾਲਿਆਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਜੋ ਬਾਇਓਮੀਟ੍ਰਿਕਸ ਦੇ ਰੂਪ ਵਿਚ ਹੁੰਦੀ ਹੈ। ਬਾਇਓਮੀਟ੍ਰਿਕਸ ਵਿਚ ਬੁਨਿਆਦੀ ਤੌਰ ’ਤੇ ਉਂਗਲਾਂ ਦੇ ਨਿਸ਼ਾਨ ਲਏ ਜਾਂਦੇ ਹਨ ਜੋ ਭਾਈਵਾਲ ਮੁਲਕਾਂ ਅਤੇ ਪੁਲਿਸ ਮਹਿਕਮਿਆਂ ਤੋਂ ਹਾਸਲ ਡਾਟਾਬੇਸ ਨਾਲ ਮਿਲਾ ਕੇ ਦੇਖੇ ਜਾਂਦੇ ਹਨ। ਬਾਕੀ ਰਹੀ ਗੱਲ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਤਾਂ ਵਿਜ਼ਟਰ ਵੀਜ਼ਾ ਜਾਂ ਸਟੱਡੀ ਵੀਜ਼ਾ ਵਾਲਿਆਂ ਤੋਂ ਇਨ੍ਹਾਂ ਦੀ ਮੰਗ ਨਹੀਂ ਕੀਤੀ ਜਾਂਦੀ ਪਰ ਜੇ ਕਿਸੇ ਖਾਸ ਮਾਮਲੇ ਵਿਚ ਸੁਰੱਖਿਆ ਪੜਤਾਲ ਲਾਜ਼ਮੀ ਸਮਝੀ ਜਾਵੇ ਤਾਂ ਮੌਕੇ ਦਾ ਅਫਸਰ ਇਸ ਬਾਰੇ ਫੈਸਲਾ ਲੈਣ ਵਾਸਤੇ ਅਧਿਕਾਰਤ ਹੈ। ਇੰਮੀਗ੍ਰੇਸ਼ਨ ਮੰਤਰੀ ਨੇ ਪੁਲਿਸ ਕਲੀਅਰੈਂਸ ਸਰਟੀਫਿਕੇਟਾਂ ਦੀ ਭਰੋਸੇਯੋਗਤਾ ਨੂੰ ਰੱਦ ਕਰਦਿਆਂ ਅਰਪਣ ਖੰਨਾ ਨੂੰ ਹੀ ਸਵਾਲ ਕਰ ਦਿਤਾ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਜਿਹੇ ਸਰਟੀਫਿਕੇਟ ਕਿੰਨੇ ਗੈਰਭਰੋਸੇਯੋਗ ਹੋ ਸਕਦੇ ਹਨ।
ਕੰਜ਼ਰਵੇਟਿਵ ਪਾਰਟੀ ਦੇ ਅਰਪਣ ਖੰਨਾ ਵੱਲੋਂ ਉਠਾਏ ਜਾ ਰਹੇ ਸਨ ਸਵਾਲ
ਇਥੇ ਦਸਣਾ ਬਣਦਾ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਪਿਛੋਕੜ ਦੀ ਪੜਤਾਲ ਦਾ ਮਸਲਾ ਉਸ ਵੇਲੇ ਉਭਰ ਕੇ ਸਾਹਮਣੇ ਆਇਆ ਜਦੋਂ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਚਾਰ ਸ਼ੱਕੀਆਂ ਵਿਚੋਂ ਤਿੰਨ ਜਣਿਆਂ ਦੇ ਸਟੱਡੀ ਵੀਜ਼ਾ ’ਤੇ ਕੈਨੇਡਾ ਆਉਣ ਬਾਰੇ ਪਤਾ ਲੱਗਾ। ਕਰਨ ਬਰਾੜ ਅਤੇ ਕਮਲਪ੍ਰੀਤ ਸਿੰਘ ਯਕੀਨੀ ਤੌਰ ’ਤੇ ਬਤੌਰ ਵਿਦਿਆਰਥੀ ਕੈਨੇਡਾ ਆਏ ਸਨ ਜਦਕਿ ਅਮਨਦੀਪ ਸਿੰਘ ਬਾਰੇ ਯਕੀਨੀ ਤੌਰ ’ਤੇ ਇਹ ਦਾਅਵਾ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਆਖ ਚੁੱਕੇ ਹਨ ਕਿ ਪੰਜਾਬ ਵਿਚ ਅਪਰਾਧੀਆਂ ਨਾਲ ਸਬੰਧ ਰੱਖਣ ਵਾਲਿਆਂ ਕੈਨੇਡਾ ਵਿਚ ਜ਼ੋਰਦਾਰ ਸਵਾਗਤ ਕੀਤਾ ਜਾਂਦਾ ਹੈ। ਇਸ ਦੇ ਜਵਾਬ ਵਿਚ ਮਾਰਕ ਮਿਲਰ ਨੇ ਕਿਹਾ ਸੀ ਕਿ ਭਾਵੇਂ ਭਾਰਤ ਦੇ ਵਿਦੇਸ਼ ਮੰਤਰੀ ਆਪਣੇ ਰਾਏ ਜ਼ਾਹਰ ਕਰਨ ਦਾ ਹੱਕ ਰਖਦੇ ਹਨ ਪਰ ਕੈਨੇਡਾ ਸਰਕਾਰ ਇਸ ਮਾਮਲੇ ਵਿਚ ਕੋਈ ਨਰਮੀ ਨਹੀਂ ਵਰਤਦੀ। ਇਹ ਦਾਅਵਾ ਬਿਲਕੁਲ ਵੀ ਸਹੀ ਨਹੀਂ।