ਕੈਨੇਡਾ ’ਚ ਮੌਜੂਦ 5 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰੇ ਟਰੂਡੋ ਸਰਕਾਰ
ਔਟਵਾ, 28 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਤਕਰੀਬਨ ਪੰਜ ਲੱਖ ਗੈਰਕਾਨੂੰਨੀ ਪ੍ਰਵਾਸੀਆਂ ਦੀ ਮੌਜੂਦਗੀ ਦਾ ਜ਼ਿਕਰ ਕਰਦਿਆਂ ਮਾਇਗ੍ਰੈਂਟ ਰਾਈਟਸ ਨੈਟਵਰਕ ਵੱਲੋਂ ਇਨ੍ਹਾਂ ਸਾਰਿਆਂ ਨੂੰ ਪੱਕਾ ਕਰਨ ਦੀ ਅਪੀਲ ਫੈਡਰਲ ਸਰਕਾਰ ਨੂੰ ਕੀਤੀ ਗਈ ਹੈ। ਪਾਰਲੀਮੈਂਟਰੀ ਪ੍ਰੈਸ ਗੈਲਰੀ ਵਿਚ ਪੁੱਜੇ ਛੇ ਮੈਂਬਰਾਂ ਨੇ ਕਿਹਾ ਕਿ ਪਰਮਾਨੈਂਟ ਰੈਜ਼ੀਡੈਂਸੀ ਤੋਂ ਹੇਠਲਾ ਕੋਈ ਵੀ ਕਦਮ ਪ੍ਰਵਾਸੀਆਂ ਨਾਲ ਸਰਾਸਰ […]
By : Editor Editor
ਔਟਵਾ, 28 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਤਕਰੀਬਨ ਪੰਜ ਲੱਖ ਗੈਰਕਾਨੂੰਨੀ ਪ੍ਰਵਾਸੀਆਂ ਦੀ ਮੌਜੂਦਗੀ ਦਾ ਜ਼ਿਕਰ ਕਰਦਿਆਂ ਮਾਇਗ੍ਰੈਂਟ ਰਾਈਟਸ ਨੈਟਵਰਕ ਵੱਲੋਂ ਇਨ੍ਹਾਂ ਸਾਰਿਆਂ ਨੂੰ ਪੱਕਾ ਕਰਨ ਦੀ ਅਪੀਲ ਫੈਡਰਲ ਸਰਕਾਰ ਨੂੰ ਕੀਤੀ ਗਈ ਹੈ। ਪਾਰਲੀਮੈਂਟਰੀ ਪ੍ਰੈਸ ਗੈਲਰੀ ਵਿਚ ਪੁੱਜੇ ਛੇ ਮੈਂਬਰਾਂ ਨੇ ਕਿਹਾ ਕਿ ਪਰਮਾਨੈਂਟ ਰੈਜ਼ੀਡੈਂਸੀ ਤੋਂ ਹੇਠਲਾ ਕੋਈ ਵੀ ਕਦਮ ਪ੍ਰਵਾਸੀਆਂ ਨਾਲ ਸਰਾਸਰ ਵਿਤਕਰਾ ਹੋਵੇਗਾ। ਮਾਇਗ੍ਰੈਂਟ ਰਾਈਟਸ ਨੈਟਵਰਕ ਦੇ ਬੁਲਾਰੇ ਸਈਅਦ ਹੁਸੈਨ ਨੇ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਸਤੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਜੋ ਅਕਸਰ ਹੀ ਬਰਾਬਰੀ, ਸਭਿਆਚਾਰਕ ਵੰਨ ਸੁਵੰਨਤਾ ਅਤੇ ਸਮੁੱਚਤਾ ਦੀ ਗੱਲ ਕਰਦੇ ਹਨ।
ਮਾਇਗ੍ਰੇਸ਼ਨ ਰਾਈਟਸ ਨੈਟਵਰਕ ਨੇ ਵੱਡਾ ਇਕੱਠ ਕਰਦਿਆਂ ਕੀਤੀ ਅਪੀਲ
ਮੁਲਕ ਵਿਚ ਬਗੈਰ ਇੰਮੀਗ੍ਰੇਸ਼ਨ ਸਟੇਟਸ ਤੋਂ ਰਹਿ ਰਹੇ ਜ਼ਿਆਦਾਤਰ ਪ੍ਰਵਾਸੀ ਰਫਿਊਜੀ ਵਜੋਂ ਆਏ ਜਾਂ ਸਟੱਡੀ ਵੀਜ਼ਾ ’ਤੇ ਇਥੇ ਪੁੱਜੇ ਪਰ ਗੈਰਵਾਜਬ ਇੰਮੀਗ੍ਰੇਸ਼ਨ ਪ੍ਰਣਾਲੀ ਦੀਆਂ ਸਮੱਸਿਆਵਾਂ ਵਿਚ ਘਿਰ ਗਏ। ਇੰਮੀਗ੍ਰੇਸ਼ਨ ਸਿਸਟਮ ਹੀ ਉਨ੍ਹਾਂ ਦੇ ਰਾਹ ਵਿਚ ਅੜਿੱਕਾ ਬਣ ਗਿਆ ਅਤੇ ਸ਼ੋਸ਼ਣ ਦਾ ਸ਼ਿਕਾਰ ਬਣਾ ਦਿਤਾ। ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਆਪਣੇ ਪਰਮਿਟ ਗੁਆਉਣੇ ਪਏ ਕਿਉਂਕਿ ਉਨ੍ਹਾਂ ਨੇ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਈ। ਸਈਅਦ ਹੁਸੈਨ ਨੇ ਦਾਅਵਾ ਕੀਤਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਦੇ ਪੱਕਾ ਹੋਣ ’ਤੇ ਉਹ ਕਾਰਾਂ ਅਤੇ ਹੋਰ ਜ਼ਰੂਰਤ ਦਾ ਸਮਾਨ ਖਰੀਦਣਗੇ ਅਤੇ ਮੁਲਕ ਨੂੰ ਅੱਗੇ ਲਿਜਾਣ ਵਿਚ ਯੋਗਦਾਨ ਪਾਉਣਗੇ। ਇਸ ਮੁਲਕ ਵਿਚ ਇਕ ਵੀ ਅਜਿਹਾ ਸ਼ਖਸ ਨਹੀਂ ਜੋ ਮੰਨਦਾ ਹੋਵੇ ਕਿ ਸਰਕਾਰੀ ਨੀਤੀਆਂ, ਔਰਤਾਂ ਜਾਂ ਹੋਰ ਕਿਸੇ ਵੀ ਵਰਗ ਨਾਲ ਵਿਤਕਰਾ ਕਰਦੀਆਂ ਹਨ।
ਪ੍ਰਵਾਸੀਆਂ ਦੀ ਬਦਤਰ ਹਾਲਤ ਲਈ ਇੰਮੀਗ੍ਰੇਸ਼ਨ ਸਿਸਟਮ ਨੂੰ ਜ਼ਿੰਮੇਵਾਰ ਠਹਿਰਾਇਆ
ਇਸੇ ਦੌਰਾਨ ਕੈਨੇਡੀਅਨ ਲੇਬਰ ਕਾਂਗਰਸ ਦੀ ਕਾਰਜਕਾਰੀ ਮੀਤ ਪ੍ਰਧਾਨ ਸ਼ਵੌਨ ਵਿਪੌਂਡ ਨੇ ਕਿਹਾ ਕਿ ਮੁਲਕ ਵਿਚ ਵਧ ਰਿਹਾ ਨਸਲਵਾਦ ਅਤੇ ਕੁਝ ਖਾਸ ਧਰਮਾਂ ਪ੍ਰਤੀ ਨਫਰਤ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਖਤਰੇ ਦੀ ਜ਼ਦ ਵਿਚ ਲੈ ਜਾਂਦੀ ਹੈ। ਅਸੀਂ ਪ੍ਰਧਾਨ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀਆਂ ਨੂੰ ਅਪੀਲ ਕਰਦੇ ਹਾਂ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਲਈ ਵਿਆਪਕ ਯੋਜਨਾ ਲਿਆਂਦੀ ਜਾਵੇ। ਇਥੇ ਦਸਣਾ ਬਣਦਾ ਹੈ ਕਿ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਵੱਡੀ ਗਿਣਤੀ ਵਿਚ ਕੱਚਿਆਂ ਨੂੰ ਪੱਕਾ ਕਰਨ ਦੀ ਤਿਆਰੀ ਨਾਲ ਸਬੰਧਤ ਰਿਪੋਰਟਾਂ ਕੁਝ ਮਹੀਨੇ ਪਹਿਲਾਂ ਸਾਹਮਣੇ ਆਈਆਂ ਸਨ। ਇਸ ਮੌਕੇ ਇਕ ਪ੍ਰਵਾਸੀ ਔਰਤ ਨੇ ਆਪਣੀ ਕਹਾਣੀ ਸਾਂਝੀ ਕੀਤੀ ਜੋ ਯੁਗਾਂਡਾ ਵਿਚ ਆਪਣੇ ਪਤੀ ਦੇ ਜ਼ੁਲਮਾਂ ਤੋਂ ਤੰਗ ਆ ਕੇ ਕੈਨੇਡਾ ਪੁੱਜੀ ਪਰ 2017 ਵਿਚ ਉਸ ਨੂੰ ਪਨਾਹ ਦੇਣ ਤੋਂ ਨਾਂਹ ਕਰ ਦਿਤੀ ਗਈ। ਫੈਸਲੇ ਵਿਰੁੱਧ ਫੈਡਰਲ ਅਦਾਲਤ ਵਿਚ ਕੀਤੀ ਅਪੀਲ ਵੀ ਉਹ ਹਾਰ ਗਈ ਅਤੇ 2019 ਵਿਚ ਡਿਪੋਰਟੇਸ਼ਨ ਦੇ ਹੁਕਮ ਜਾਰੀ ਹੋਣ ਦੇ ਬਾਵਜੂਦ ਉਹ ਕੈਨੇਡਾ ਵਿਚ ਮੌਜੂਦ ਹੈ। ਔਰਤ ਨੇ ਦੱਸਿਆ ਕਿ ਇੰਮੀਗ੍ਰੇਸ਼ਨ ਸਟੇਟਸ ਨਾ ਹੋਣ ਕਰ ਕੇ ਕੰਮ ਵਾਲੀ ਥਾਂ ’ਤੇ ਉਸ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ ਅਤੇ ਰੋਜ਼ਾਨਾ ਦੇਸ਼ ਨਿਕਾਲੇ ਦੇ ਡਰ ਹੇਠ ਜ਼ਿੰਦਗੀ ਕੱਟ ਰਹੀ ਹੈ।