ਕੈਨੇਡਾ ’ਚ ਨਵੀਂ ਆਈ ਭਾਰਤੀ ਔਰਤ ਨਾਲ 15 ਹਜ਼ਾਰ ਡਾਲਰ ਦੀ ਠੱਗੀ
ਟੋਰਾਂਟੋ, 22 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਵੇਂ ਪੁੱਜੇ ਭਾਰਤੀਆਂ ਨਾਲ ਠੱਗੀ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ ਹੈ ਜਿਥੇ ਠੱਗਾਂ ਨੇ ਨੌਕਰੀ ਦਿਵਾਉਣ ਦਾ ਲਾਰਾ ਲਾਉਂਦਿਆਂ ਭਾਰਤੀ ਔਰਤ ਤੋਂ 15 ਹਜ਼ਾਰ ਡਾਲਰ ਠੱਗ ਲਏ। ਤਕਰੀਬਨ ਡੇਢ ਸਾਲ ਪਹਿਲਾਂ ਕੈਨੇਡਾ ਪੁੱਜੀ ਦੇਵਾਂਸ਼ੀ ਪੋਦਾਰ ਆਪਣਾ ਸਭ ਕੁਝ ਗੁਆ ਚੁੱਕੀ […]
By : Editor Editor
ਟੋਰਾਂਟੋ, 22 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਨਵੇਂ ਪੁੱਜੇ ਭਾਰਤੀਆਂ ਨਾਲ ਠੱਗੀ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ ਹੈ ਜਿਥੇ ਠੱਗਾਂ ਨੇ ਨੌਕਰੀ ਦਿਵਾਉਣ ਦਾ ਲਾਰਾ ਲਾਉਂਦਿਆਂ ਭਾਰਤੀ ਔਰਤ ਤੋਂ 15 ਹਜ਼ਾਰ ਡਾਲਰ ਠੱਗ ਲਏ। ਤਕਰੀਬਨ ਡੇਢ ਸਾਲ ਪਹਿਲਾਂ ਕੈਨੇਡਾ ਪੁੱਜੀ ਦੇਵਾਂਸ਼ੀ ਪੋਦਾਰ ਆਪਣਾ ਸਭ ਕੁਝ ਗੁਆ ਚੁੱਕੀ ਹੈ ਅਤੇ ਹੁਣ ਸਮਝ ਨਹੀਂ ਆ ਰਿਹਾ ਕਿ ਕੀ ਕਰੇ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਦੇਵਾਂਸ਼ੀ ਪੋਦਾਰ ਨੌਕਰੀ ਦੀ ਭਾਲ ਕਰ ਰਹੀ ਸੀ ਜਦੋਂ ਉਸ ਨੂੰ ਇੰਸਟਾਗ੍ਰਾਮ ਰਾਹੀਂ ਵਾਲਮਾਰਟ ਵਿਚ ਰੁਜ਼ਗਾਰ ਦੇ ਮੌਕੇ ਬਾਰੇ ਪਤਾ ਲੱਗਾ। ਇੰਸਟਾਗ੍ਰਾਮ ਪੋਸਟ ਵਿਚ ਲਿਖਿਆ ਸੀ ਕਿ ਇਹ ਪਾਰਟ ਟਾਈਮ ਨੌਕਰੀ ਹੈ ਅਤੇ ਤੁਸੀਂ ਘਰ ਬੈਠ ਕੇ ਕੰਮ ਕਰ ਸਕਦੇ ਹੋ। ਇਕ ਵੱਡੀ ਕੰਪਨੀ ਵਿਚ ਨੌਕਰੀ ਮਿਲਣ ਦੀ ਉਮੀਦ ਜਾਗੀ ਤਾਂ ਦੇਵਾਂਸ਼ੀ ਨੇ ਇੰਸਟਾਗ੍ਰਾਮ ਪੋਸਟ ਵਿਚ ਦਿਤੇ ਨੰਬਰ ’ਤੇ ਸੰਪਰਕ ਕੀਤਾ।
ਠੱਗਾਂ ਨੇ ਨੌਕਰੀ ਦੇ ਬਹਾਨੇ ਦੇਵਾਂਸ਼ੀ ਪੋਦਾਰ ਦਾ ਸਭ ਕੁਝ ਲੁੱਟਿਆ
ਦੇਵਾਂਸ਼ੀ ਪੋਦਾਰ ਮੁਤਾਬਕ ਨੌਕਰੀ ਦਾ ਵਾਅਦਾ ਕਰਨ ਵਾਲਿਆਂ ਨੇ ਉਸ ਨੂੰ ਵਾਲਮਾਰਟ ਦੇ ਸਮਾਨ ਦਾ ਆਨਲਾਈਨ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿਤੀ। ਸਭ ਕੁਝ ਤੈਅ ਹੋ ਗਿਆ ਅਤੇ ਹਰ ਘੰਟੇ ਬਾਅਦ ਦੇਵਾਂਸ਼ੀ ਨੂੰ ਵੱਖ ਵੱਖ ਉਤਪਾਦਾਂ ਦੀ ਸੂਚੀ ਆਉਣ ਲੱਗੀ ਜਿਸ ਨੂੰ ਮੁੱਖ ਸੂਚੀ ਵਿਚ ਦਰਜ ਕਰਨਾ ਹੁੰਦਾ ਸੀ। ਕੁਝ ਸਮਾਂ ਲੰਘਿਆ ਤਾਂ ਦੇਵਾਂਸ਼ੀ ਨੂੰ ਹਦਾਇਤ ਦਿਤੀ ਗਈ ਕਿ ਉਹ ਆਪਣੀ ਜੇਬ ਵਿਚੋਂ ਪੈਸ ਖਰਚ ਕਰ ਕੇ ਕੁਝ ਪ੍ਰੌਡਕਟ ਖਰੀਦ ਲਵੇ। ਬਣਦੀ ਰਕਮ ਬਾਅਦ ਵਿਚ ਵਾਪਸ ਕਰ ਦਿਤੀ ਜਾਵੇਗੀ। ਠੱਗਾਂ ਨੇ ਦੇਵਾਂਸ਼ੀ ਨੂੰ ਯਕੀਨ ਦਿਵਾ ਦਿਤਾ ਕਿ ਉਸ ਦੀ ਰਕਮ ਇਕ ਵੱਖਰੇ ਖਾਤੇ ਵਿਚ ਵਾਪਸ ਆ ਰਹੀ ਹੈ ਪਰ ਅੰਤ ਵਿਚ ਇਹ ਸਭ ਕੋਰਾ ਝੂਠ ਸਾਬਤ ਹੋਇਆ। ਦੇਵਾਂਸ਼ੀ ਦਾ ਕਹਿਣਾ ਸੀ ਕਿ ਇਕ ਨਵੇਂ ਮੁਲਕ ਵਿਚ ਕਦਮ ਰੱਖਣ ਮਗਰੋਂ ਤੁਹਾਡੇ ਮਨ ਅੰਦਰ ਕਈ ਸਵਾਲ ਉਠਦੇ ਹਨ ਪਰ ਕਈ ਵਾਰ ਚੀਜ਼ਾਂ ’ਤੇ ਯਕੀਨ ਕਰਨਾ ਪੈਂਦਾ ਹੈ। ਉਦੋਂ ਤੱਕ ਦੇਵਾਂਸ਼ੀ 15 ਹਜ਼ਾਰ ਡਾਲਰ ਗਵਾ ਚੁੱਕੀ ਸੀ।
2023 ’ਚ ਰੁਜ਼ਗਾਰ ਦੇ ਨਾਂ ’ਤੇ ਕੈਨੇਡੀਅਨਜ਼ ਨਾਲ 27 ਮਿਲੀਅਨ ਡਾਲਰ ਦੀ ਠੱਗੀ
ਦੇਵਾਂਸ਼ੀ ਦੇ ਮਾਮਲੇ ਬਾਰੇ ਜਦੋਂ ਵਾਲਮਾਰਟ ਨਾਲ ਸੰਪਰਕ ਕੀਤਾ ਗਿਆ ਤਾਂ ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਬੇਹੱਦ ਅਫਸੋਸ ਹੈ ਪਰ ਕੰਪਨੀ ਕਦੇ ਵੀ ਆਪਣੇ ਮੁਲਾਜ਼ਮਾਂ ਤੋਂ ਨੌਕਰੀ ਦੇ ਇਵਜ਼ ਵਿਚ ਰਕਮ ਦੀ ਮੰਗ ਨਹੀਂ ਕਰਦੀ ਅਤੇ ਠੱਗੀ ਦੇ ਸ਼ਿਕਾਰ ਬਣਨ ਵਾਲਿਆਂ ਨੂੰ ਤੁਰਤ ਪੁਲਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ। ਦੇਵਾਂਸ਼ੀ ਦੇ ਮਾਮਲੇ ਬਾਰੇ ਸੋਸ਼ਲ ਮੀਡੀਆ ਮਾਹਰਾਂ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ਕੁਝ ਕੰਪਨੀਆਂ ਮੁਲਾਜ਼ਮਾਂ ਦੀ ਭਰਤੀ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੀਆਂ ਹਨ ਜਿਸ ਦੇ ਮੱਦੇਨਜ਼ਰ ਬਿਨੈਕਾਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਥਿੰਕ ਸਮਾਰਟ ਇਨਕਾਰਪੋਰੇਸ਼ਨ ਦੇ ਮੋਹਿਤ ਰਾਜਹੰਸ ਨੇ ਇਸ ਮੁੱਦੇ ’ਤੇ ਕਿਹਾ ਕਿ ਜਦੋਂ ਵੀ ਕੋਈ ਆਨਲਾਈਨ ਤਰੀਕੇ ਨਾਲ ਨੌਕਰੀ ਹਾਸਲ ਕਰੇ ਤਾਂ ਕਿਸੇ ਵੀ ਰੂਪ ਵਿਚ ਰਕਮ ਦੀ ਅਦਾਇਗੀ ਨਾ ਕੀਤੀ ਜਾਵੇ। ਜੇ ਕੋਈ ਤੁਹਾਡੇ ਬੈਂਕ ਖਾਤੇ ਦੇ ਵੇਰਵੇ ਮੰਗਦਾ ਹੈ ਤਾਂ ਉਹ ਸਿੱਧੇ ਤੌਰ ’ਤੇ ਠੱਗ ਹੈ ਅਤੇ ਅਜਿਹੇ ਲੋਕਾਂ ਨਾਲ ਕੋਈ ਸੰਪਰਕ ਨਾ ਰੱਖਿਆ ਜਾਵੇ। ਕੈਨੇਡੀਅਨ ਐਂਟੀ ਫਰੌਡ ਸੈਂਟਰ ਦੇ ਅੰਕੜਿਆਂ ਮੁਤਾਬਕ ਨੌਕਰੀ ਦੇ ਨਾਂ ’ਤੇ ਠੱਗੀ ਚੌਥਾ ਸਭ ਤੋਂ ਜ਼ਿਆਦਾ ਹੋਣ ਵਾਲਾ ਸਕੈਮ ਬਣ ਚੁੱਕਾ ਹੈ। ਸਾਲ 2023 ਦੌਰਾਨ ਰੁਜ਼ਗਾਰ ਦੇ ਨਾਂ ’ਤੇ ਹੋਈਆਂ ਠੱਗੀਆਂ ਦੌਰਾਨ ਕੈਨੇਡੀਅਨਜ਼ ਨੇ 27 ਮਿਲੀਅਨ ਡਾਲਰ ਗਵਾ ਦਿਤੇ।