ਕੈਨੇਡਾ ’ਚ ਜਨਵਰੀ ਦੌਰਾਨ ਪੈਦਾ ਹੋਈਆਂ 37 ਹਜ਼ਾਰ ਨਵੀਆਂ ਨੌਕਰੀਆਂ
ਟੋਰਾਂਟੋ, 10 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਜਨਵਰੀ ਮਹੀਨੇ ਦੌਰਾਨ ਅਣਕਿਆਸੇ ਤੌਰ ’ਤੇ 37 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਦਸੰਬਰ 2022 ਮਗਰੋਂ ਪਹਿਲੀ ਵਾਰ ਬੇਰੁਜ਼ਗਾਰੀ ਦਰ ਵਿਚ ਕਮੀ ਦਰਜ ਕੀਤੀ ਗਈ। ਆਰ.ਬੀ.ਸੀ. ਵੱਲੋਂ ਰੁਜ਼ਗਾਰ ਦੇ 10 ਹਜ਼ਾਰ ਮੌਕੇ ਪੈਦਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਸੀ ਜਦਕਿ ਬੇਰੁਜ਼ਗਾਰੀ ਦਰ 5.8 ਫੀ ਸਦੀ ਤੋਂ ਵਧ […]
By : Editor Editor
ਟੋਰਾਂਟੋ, 10 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਜਨਵਰੀ ਮਹੀਨੇ ਦੌਰਾਨ ਅਣਕਿਆਸੇ ਤੌਰ ’ਤੇ 37 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਦਸੰਬਰ 2022 ਮਗਰੋਂ ਪਹਿਲੀ ਵਾਰ ਬੇਰੁਜ਼ਗਾਰੀ ਦਰ ਵਿਚ ਕਮੀ ਦਰਜ ਕੀਤੀ ਗਈ। ਆਰ.ਬੀ.ਸੀ. ਵੱਲੋਂ ਰੁਜ਼ਗਾਰ ਦੇ 10 ਹਜ਼ਾਰ ਮੌਕੇ ਪੈਦਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਸੀ ਜਦਕਿ ਬੇਰੁਜ਼ਗਾਰੀ ਦਰ 5.8 ਫੀ ਸਦੀ ਤੋਂ ਵਧ ਕੇ 5.9 ਫੀ ਸਦੀ ’ਤੇ ਜਾਣ ਦੇ ਆਸਾਰ ਪ੍ਰਗਟਾਏ ਗਏ ਸਨ ਪਰ ਹੋਇਆ ਸਭ ਕੁਝ ਉਲਟ।
ਬੇਰੁਜ਼ਗਾਰੀ ਦਰ ਘਟ ਕੇ 5.7 ਫੀ ਸਦੀ ’ਤੇ ਆਈ
ਸਟੈਟਿਸਟਿਕਸ ਕੈਨੇਡਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਕਈ ਉਦਯੋਗਾਂ ਵਿਚ ਨਵੀਆਂ ਨੌਕਰੀਆਂ ਪੈਦਾ ਹੋਈਆਂ ਪਰ ਜ਼ਿਆਦਾਤਰ ਮੌਕੇ ਪਾਰਟ ਟਾਈਮ ਹੀ ਮੰਨੇ ਜਾ ਸਕਦੇ ਹਨ। ਹੋਲਸੇਲ ਅਤੇ ਰਿਟੇਲ ਸੈਕਟਰ ਤੋਂ ਇਲਾਵਾ ਬੀਮਾ, ਰੀਅਲ ਅਸਟੇਟ, ਰੈਂਟਲ ਅਤੇ ਲੀਜ਼ਿੰਗ ਸੈਕਟਾਂ ਵਿਚ ਨੌਕਰੀਆਂ ਵਧੀਆਂ ਜਦਕਿ ਹੋਟਲਾਂ ਅਤੇ ਰੈਸਟੋਰੈਂਟਸ ਵਿਚ ਰੁਜ਼ਗਾਰ ਦੇ ਮੌਕਿਆਂ ਵਿਚ ਕਮੀ ਆਈ। ਰਾਜਾਂ ਦੇ ਆਧਾਰ ’ਤੇ ਵੇਖਿਆ ਜਾਵੇ ਤਾਂ ਉਨਟਾਰੀਓ ਵਿਚ ਰੁਜ਼ਗਾਰ ’ਤੇ ਲੱਗੇ ਲੋਕਾਂ ਦੀ ਗਿਣਤੀ 0.3 ਫੀ ਸਦੀ ਵਧੀ ਜਦਕਿ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿਖੇ ਇਹ ਅੰਕੜਾ 3.2 ਫੀ ਸਦੀ ਦਰਜ ਕੀਤਾ ਗਿਆ।
ਆਰਥਿਕ ਮਾਹਰਾਂ ਦੇ ਕਿਆਸਿਆਂ ਤੋਂ ਬਿਲਕੁਲ ਉਲਟ ਰਹੇ ਅੰਕੜੇ
ਦੂਜੇ ਪਾਸੇ ਸਸਕੈਚਵਨ ਵਿਚ ਰੁਜ਼ਗਾਰ ’ਤੇ ਲੱਗੇ ਲੋਕਾਂ ਦੀ ਗਿਣਤੀ ਇਕ ਫੀ ਸਦੀ ਘਟ ਗਈ। ਉਜਰਤ ਦਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਜਨਵਰੀ 2023 ਦੇ ਮੁਕਾਬਲੇ ਇਸ ਸਾਲ ਔਰਤਾਂ ਦੀ ਉਜਰਤ ਦਰ ਪੁਰਸ਼ਾਂ ਦੇ ਮੁਕਾਬਲੇ ਤੇਜ਼ੀ ਨਾਲ ਵਧੀ। ਔਰਤਾਂ ਦਾ ਪ੍ਰਤੀ ਘੰਟਾ ਮਿਹਨਤਾਨਾ 6.2 ਫੀ ਸਦੀ ਵਾਧੇ ਨਾਲ 32 ਡਾਲਰ 38 ਸੈਂਟ ਹੋ ਗਿਆ ਜਦਕਿ ਪੁਰਸ਼ਾਂ ਦਾ ਮਿਹਨਤਾਨਾ 4.4 ਫੀ ਸਦੀ ਵਾਧੇ ਨਾਲ 37 ਡਾਲਰ ਦਰਜ ਕੀਤਾ ਗਿਆ।