ਕਾਰ ਚੋਰਾਂ ਦੇ ਡਰਾਈਵਿੰਗ ਲਾਇਸੰਸ ਮੁਅੱਤਲ ਕਰੇਗੀ ਉਨਟਾਰੀਓ ਸਰਕਾਰ
ਟੋਰਾਂਟੋ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਤਹਿਤ ਉਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ। ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਦੱਸਿਆ ਕਿ ਦੋਸ਼ੀ ਠਹਿਰਾਏ ਕਾਰ ਚੋਰਾਂ ਦੇ ਡਰਾਈਵਿੰਗ ਲਾਇਸੰਸ ਮੁਅੱਤਲ ਕਰ ਦਿਤੇ ਜਾਣਗੇ ਅਤੇ ਜੇ ਕੋਈ ਫਿਰ ਨਹੀਂ ਟਲਦਾ ਤਾਂ ਗੱਡੀ ਚਲਾਉਣ […]
By : Editor Editor
ਟੋਰਾਂਟੋ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਤਹਿਤ ਉਨਟਾਰੀਓ ਦੀ ਡਗ ਫੋਰਡ ਸਰਕਾਰ ਵੱਲੋਂ ਇਕ ਅਹਿਮ ਫੈਸਲਾ ਲਿਆ ਗਿਆ ਹੈ। ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਦੱਸਿਆ ਕਿ ਦੋਸ਼ੀ ਠਹਿਰਾਏ ਕਾਰ ਚੋਰਾਂ ਦੇ ਡਰਾਈਵਿੰਗ ਲਾਇਸੰਸ ਮੁਅੱਤਲ ਕਰ ਦਿਤੇ ਜਾਣਗੇ ਅਤੇ ਜੇ ਕੋਈ ਫਿਰ ਨਹੀਂ ਟਲਦਾ ਤਾਂ ਗੱਡੀ ਚਲਾਉਣ ’ਤੇ ਉਮਰ ਭਰ ਦੀ ਪਾਬੰਦੀ ਲਾਈ ਜਾ ਸਕਦੀ ਹੈ। ਉਨਟਾਰੀਓ ਵਿਧਾਨ ਸਭਾ ਵਿਚ ਵੀਰਵਾਰ ਨੂੰ ਇਸ ਬਾਰੇ ਕਾਨੂੰਨ ਪੇਸ਼ ਕੀਤਾ ਜਾ ਸਕਦਾ ਹੈ।
ਪਹਿਲੀ ਵਾਰ ਅਪਰਾਧ ਕਰਨ ’ਤੇ 10 ਸਾਲ ਦੀ ਮੁਅੱਤਲੀ
ਪ੍ਰਭਮੀਤ ਸਰਕਾਰੀਆ ਨੇ ਕਿਹਾ ਕਿ ਕਾਰ ਚੋਰੀ ਦੇ ਸ਼ਿਕਾਰ ਲੋਕਾਂ ਅਤੇ ਕਮਿਊਨਿਟੀ ਨੂੰ ਡੂੰਘੇ ਮਾਨਸਿਕ ਦਰਦ ਵਿਚੋਂ ਲੰਘਣਾ ਪੈਂਦਾ ਹੈ ਜਿਸ ਦੇ ਮੱਦੇਨਜ਼ਰ ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਵਾਲੀ ਸਾਡੀ ਸਰਕਾਰ ਵੱਲੋਂ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਸਪੱਸ਼ਟ ਸੁਨੇਹਾ ਦਿਤਾ ਜਾ ਰਿਹਾ ਹੈ। ਕਾਰ ਚੋਰੀ ਦੀਆਂ ਵਾਰਦਾਤਾਂ ਰੋਕਣ ਵਾਸਤੇ ਸਰਕਾਰ ਹਰ ਸੰਭਵ ਕਦਮ ਉਠਾਉਣ ਲਈ ਤਿਆਰ ਬਰ ਤਿਆਰ ਹੈ। ਕਾਨੂੰਨ ਪਾਸ ਹੋਣ ਮਗਰੋਂ ਪਹਿਲੀ ਵਾਰ ਕਾਰ ਚੋਰੀ ਦਾ ਦੋਸ਼ੀ ਕਰਾਰ ਦਿਤਾ ਸ਼ਖਸ 10 ਸਾਲ ਗੱਡੀ ਨਹੀਂ ਚਲਾ ਸਕੇਗਾ।
ਦੂਜੀ ਵਾਰ ਅਪਰਾਧ ਕਰਨ ’ਤੇ 15 ਸਾਲ ਡਰਾਈਵਿੰਗ ਨਹੀਂ ਕਰ ਸਕੇਗਾ ਕਾਰ ਚੋਰ
ਦੂਜੀ ਵਾਰ ਅਪਰਾਧ ਕਰਨ ’ਤੇ ਡਰਾਈਵਿੰਗ ਲਾਇਸੰਸ ਦੀ ਮੁਅੱਤਲੀ 15 ਸਾਲ ਕਰ ਦਿਤੀ ਜਾਵੇਗੀ ਅਤੇ ਤੀਜੀ ਵਾਰ ਦੋਸ਼ੀ ਠਹਿਰਾਏ ਜਾਣ ’ਤੇ ਉਮਰ ਭਰ ਵਾਸਤੇ ਗੱਡੀ ਚਲਾਉਣ ’ਤੇ ਪਾਬੰਦੀ ਲੱਗ ਜਾਵੇਗੀ। ਦੂਜੇ ਪਾਸੇ ਸਟੰਟ ਡਰਾਈਵਿੰਗ ਕਰਨ ਵਾਲਿਆਂ ਵਿਰੁੱਧ ਵੀ ਸਖਤ ਨਿਯਮ ਲਿਆਂਦੇ ਜਾ ਰਹੇ ਹਨ ਅਤੇ ਪਹਿਲੀ ਵਾਰ ਦੋਸ਼ੀ ਠਹਿਰਾਏ ਜਾਣ ’ਤੇ ਇਕ ਸਾਲ ਵਾਸਤੇ ਡਰਾਈਵਿੰਗ ਲਾਇਸੰਸ ਮੁਅੱਤਲ ਕਰ ਦਿਤਾ ਜਾਵੇਗਾ। ਦੂਜੀ ਵਾਰ ਸਟੰਟ ਕਰਦਿਆਂ ਫੜੇ ਜਾਣ ’ਤੇ ਤਿੰਨ ਸਾਲ ਅਤੇ ਤੀਜੀ ਵਾਰ ਫੜੇ ਜਾਣ ’ਤੇ ਉਮਰ ਭਰ ਦੀ ਪਾਬੰਦੀ ਲਾਗੂ ਕੀਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ 2023 ਦੌਰਾਨ ਸਟ੍ਰੀਟ ਰੇਸਿੰਗ ਅਤੇ ਸਟੰਟ ਡਰਾਈਵਿੰਗ ਦੇ ਮਾਮਲਿਆਂ ਵਿਚ 12 ਹਜ਼ਾਰ ਲਾਇਸੰਸ ਮੁਅੱਤਲ ਕੀਤੇ ਗਏ ਸਨ।
ਤੀਜੀ ਵਾਰ ਅਪਰਾਧ ਕੀਤਾ ਤਾਂ ਉਮਰ ਭਰ ਵਾਸਤੇ ਲੱਗੇਗੀ ਪਾਬੰਦੀ
ਉਨਟਾਰੀਓ ਦੇ ਸਾਲਿਸਟਰ ਜਨਰਲ ਮਾਈਕਲ ਕਰਜ਼ਨਰ ਨੇ ਇਸ ਮੌਕੇ ਕਾਰ ਚੋਰਾਂ ਨੂੰ ਸੁਚੇਤ ਕੀਤਾ ਕਿ ਭਵਿੱਖ ਵਿਚ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਉਨਟਾਰੀਓ ਵਿਚ ਇਸ ਵੇਲੇ ਹਰ 14 ਮਿੰਟ ਵਿਚ ਇਕ ਗੱਡੀ ਚੋਰੀ ਹੋ ਰਹੀ ਹੈ ਅਤੇ ਟੋਰਾਂਟੋ ਵਿਖੇ ਰੋਜ਼ਾਨਾ 34 ਗੱਡੀਆਂ ਚੋਰੀ ਹੁੰਦੀਆਂ ਹਨ। ਦੂਜੇ ਪਾਸੇ ਹਥਿਆਰ ਦਿਖਾ ਕੇ ਕਾਰ ਖੋਹਣ ਦੇ ਮਾਮਲਿਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਮੌਜੂਦ ਵਰ੍ਹੇ ਦੌਰਾਨ ਟੋਰਾਂਟੋ ਵਿਖੇ ਕਾਰਜੈਕਿੰਗ ਦੇ 68 ਮਾਮਲੇ ਸਾਹਮਣੇ ਆ ਚੁੱਕੇ ਹਨ। ਡਗ ਫੋਰਡ ਸਰਕਾਰ ਨੇ ਪਿਛਲੇ ਸਾਲ ਕਾਰ ਚੋਰੀ ਦੀਆਂ ਵਾਰਦਾਤਾਂ ਨਾਲ ਨਜਿੱਠਣ ਲਈ 51 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਸੀ।