ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਦੇ ਮਾਮਲੇ ਵਿੱਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਨਟਾਰੀਓ 'ਤੇ ਲੱਗੇ ਇਲਜ਼ਾਮ
ਓਨਟਾਰੀਓ, 11 ਮਈ (ਗੁਰਜੀਤ ਕੌਰ)- 14 ਮਾਰਚ 2022 ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਚੱਲਦੇ ਮੈਚ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੰਦੀਪ ਨੰਗਲ ਅੰਬੀਆਂ ਦਾ ਕਬੱਡੀ ਜਗਤ 'ਚ ਵੱਡਾ ਨਾਮ ਸੀ ਅਤੇ ਜਦੋਂ ਸੰਦੀਪ ਦਾ ਕਤਲ ਹੋਇਆ ਸੀ ਤਾਂ ਲੋਕਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ। ਸੰਦੀਪ ਦੇ ਅਸਲੀ ਕਾਤਲਾਂ […]
By : Hamdard Tv Admin
ਓਨਟਾਰੀਓ, 11 ਮਈ (ਗੁਰਜੀਤ ਕੌਰ)- 14 ਮਾਰਚ 2022 ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਚੱਲਦੇ ਮੈਚ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੰਦੀਪ ਨੰਗਲ ਅੰਬੀਆਂ ਦਾ ਕਬੱਡੀ ਜਗਤ 'ਚ ਵੱਡਾ ਨਾਮ ਸੀ ਅਤੇ ਜਦੋਂ ਸੰਦੀਪ ਦਾ ਕਤਲ ਹੋਇਆ ਸੀ ਤਾਂ ਲੋਕਾਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ। ਸੰਦੀਪ ਦੇ ਅਸਲੀ ਕਾਤਲਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਕਾਫੀ ਲੋਕਾਂ ਉੱਪਰ ਇਲਜ਼ਾਮ ਜ਼ਰੂਰ ਲਗਾਏ ਜਾ ਰਹੇ ਹਨ। ਇੱਕ ਕਬੱਡੀ ਫੈਡਰੇਸ਼ਨ ਵੱਲੋਂ ਦੂਸਰੀ ਫੈਡਰੇਸ਼ਨ 'ਤੇ ਆਰੋਪ ਲਗਾਏ ਜਾ ਰਹੇ ਹਨ। ਸੰਦੀਪ ਦੀ ਮੌਤ ਦੇ 5 ਮਹੀਨਿਆਂ ਬਾਅਦ ਇੱਕ ਫੈਡਰੇਸ਼ਨ ਅਤੇ ਸੰਦੀਪ ਦੇ ਪਰਿਵਾਰ ਵੱਲੋਂ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਨਟਾਰੀਓ 'ਤੇ ਸੰਦੀਪ ਦੇ ਕਤਲ ਦਾ ਇਲਜਾਮ ਲਗਾਇਆ ਗਿਆ ਸੀ।
ਇਸੇ ਦੇ ਚੱਲਦਿਆਂ ਮਿਸੀਸਾਗਾ ਦੇ ਈਰੋਜ਼ ਕਨਵੈਨਸ਼ਨ ਸੈਂਟਰ 'ਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਨਟਾਰੀਓ ਵੱਲੋਂ ਬੀਤੇ ਦਿਨੀਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਉਨ੍ਹਾਂ ਨੇ ਆਪਣਾ ਪੱਖ ਰੱਖਿਆ। ਪ੍ਰੈਸ ਕਾਨਫਰੰਸ 'ਚ ਵੈਨਕੂਵਰ, ਅਮਰੀਕਾ ਅਤੇ ਟੋਰਾਂਟੋ ਦੀਆਂ ਫੈਡਰੇਸ਼ਨਸ ਇਕੱਠੀਆਂ ਹੋਈਆਂ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਸੁਖਵਿੰਦਰ ਸਿੰਘ ਸੁੱਖਾ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਫੈਡਰੇਸ਼ਨ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਸਾਨੂੰ ਫਸਾਉਣ ਦੀ ਚਾਲ ਚੱਲੀ ਜਾ ਰਹੀ ਹੈ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਖੁੱਲ ਕੇ ਮੁੱਦੇ ਰੱਖੇ ਅਤੇ ਸਬੂਤਾਂ ਸਮੇਤ ਗੱਲ ਕੀਤੀ ਅਤੇ ਉਨ੍ਹਾਂ ਨੇ ਦੂਸਰੀਆਂ ਫੈਡਰੇਸ਼ਨਸ ਨੂੰ ਪ੍ਰੈਸ ਕਾਨਫਰੰਸ ਲਈ ਖੁੱਲਾ ਸੱਦਾ ਦਿੱਤਾ ਅਤੇ ਕਿਹਾ "ਜਦ ਚਾਹੋ ਪ੍ਰੈਸ ਕਾਨਫਰੰਸ ਕਰ ਲੈਣਾ ਅਤੇ ਸਾਨੂੰ ਵੀ ਬੁਲਾਉਣਾ। ਅਸੀਂ ਸਬੂਤਾਂ ਸਮੇਤ ਆ ਕੇ ਗੱਲ ਕਰਾਂਗੇ।"
ਸੁੱਖਾ ਮਾਨ ਨੇ ਕਿਹਾ ਕਿ ਸੰਦੀਪ ਦੇ ਪਰਿਵਾਰ ਨੇ ਕਿਸੇ ਦੇ ਦਬਾਅ ਹੇਠ ਆ ਕੇ ਸਾਡੇ 'ਤੇ ਇਲਜ਼ਾਮ ਲਗਾਏ ਹਨ ਕਿਉਂਕਿ ਜੇਕਰ ਪਰਿਵਾਰ ਨੂੰ ਸਾਡੇ ਉੱਪਰ ਪਹਿਲਾਂ ਹੀ ਸ਼ੱਕ ਹੁੰਦਾ ਤਾਂ ਪਰਿਵਾਰ ਨੇ 5 ਮਹੀਨਿਆਂ ਬਾਅਦ ਨਹੀਂ ਸਗੋਂ ਕਤਲ ਦੇ ਤੁਰੰਤ ਬਾਅਦ ਹੀ ਸਾਡੀ ਫੈਡਰੇਸ਼ਨ ਦਾ ਨਾਮ ਲੈ ਦੇਣਾ ਸੀ। ਇਸ ਤੋਂ ਇਲਾਵਾ ਕਬੱਡੀ ਪਲੇਅਰ ਲੱਕੀ ਕੁਰਾਲੀ ਵੀ ਵੈਨਕੂਵਰ ਤੋਂ ਪ੍ਰੈਸ ਕਾਨਫਰੰਸ 'ਚ ਸ਼ਾਮਲ ਹੋਣ ਲਈ ਪਹੁੰਚੇ ਅਤੇ ਉਨ੍ਹਾਂ ਨੇ ਵੀ ਆਪਣਾ ਪੱਖ ਰੱਖਿਆ। ਇਸ ਤੋਂ ਇਲਾਵਾ ਫੈਡਰੇਸ਼ਨ ਦੇ ਹੋਰ ਵੀ ਕਾਫੀ ਮੈਂਬਰ ਮੌਜੂਦ ਸਨ ਅਤੇ ਕਾਨਫਰੰਸ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਸਨ।
(ਤਸਵੀਰਾਂ: ਰੀਤਇੰਦਰ ਸਿੰਘ ਗਰੇਵਾਲ)