Begin typing your search above and press return to search.

‘ਉੱਤਮ’ ਖੇਤੀ ਦਾ ਵਿਗਿਆਨਕ ਪੱਖ

ਇੰਜ.ਈਸ਼ਰ ਸਿੰਘ 647 640 2014 ਖੇਤੀ ਇਸ ਲਈ ‘ਉੱਤਮ’ ਹੈ ਕਿਉਂਕਿ ਇਹ ਇਨਸਾਨਾਂ ਅਤੇ ਪਾਲਤੂ ਪ੍ਰਾਣੀਆਂ ਨੂੰ ਖੁਰਾਕ ਰਾਹੀਂ ਲਗਾਤਾਰ ਊਰਜਾ (ਇਨਰਜੀ) ਪਰਦਾਨ ਕਰਦੇ ਰਹਿਣ ਦਾ ਪਰਮੁੱਖ ਸਾਧਨ ਹੈ। ਇਸ ਰਾਹੀਂ ਅਨਾਜ, ਦਾਲ਼ਾਂ ਅਤੇ ਹੋਰ ਖਾਣ-ਯੋਗ ਵਸਤੂਆਂ ਦੀ ਉਪਜ ਹੁੰਦੀ ਹੈ ਜਿਨ੍ਹਾਂ ’ਚ ਖੁਰਾਕ ਦਾ ਹਰ ਤੱਤ ਮੌਜੂਦ ਹੁੰਦਾ ਹੈ – ਕਾਰਬੋਹਾਈਡਰੇਟ, ਖੰਡ, ਚਰਬੀ, ਪ੍ਰੋਟੀਨ […]

‘ਉੱਤਮ’ ਖੇਤੀ ਦਾ ਵਿਗਿਆਨਕ ਪੱਖ
X

Editor (BS)By : Editor (BS)

  |  2 Aug 2023 6:11 AM GMT

  • whatsapp
  • Telegram

ਇੰਜ.ਈਸ਼ਰ ਸਿੰਘ 647 640 2014

ਖੇਤੀ ਇਸ ਲਈ ‘ਉੱਤਮ’ ਹੈ ਕਿਉਂਕਿ ਇਹ ਇਨਸਾਨਾਂ ਅਤੇ ਪਾਲਤੂ ਪ੍ਰਾਣੀਆਂ ਨੂੰ ਖੁਰਾਕ ਰਾਹੀਂ ਲਗਾਤਾਰ ਊਰਜਾ (ਇਨਰਜੀ) ਪਰਦਾਨ ਕਰਦੇ ਰਹਿਣ ਦਾ ਪਰਮੁੱਖ ਸਾਧਨ ਹੈ। ਇਸ ਰਾਹੀਂ ਅਨਾਜ, ਦਾਲ਼ਾਂ ਅਤੇ ਹੋਰ ਖਾਣ-ਯੋਗ ਵਸਤੂਆਂ ਦੀ ਉਪਜ ਹੁੰਦੀ ਹੈ ਜਿਨ੍ਹਾਂ ’ਚ ਖੁਰਾਕ ਦਾ ਹਰ ਤੱਤ ਮੌਜੂਦ ਹੁੰਦਾ ਹੈ – ਕਾਰਬੋਹਾਈਡਰੇਟ, ਖੰਡ, ਚਰਬੀ, ਪ੍ਰੋਟੀਨ ਅਤੇ ਹੋਰ ਮਹੀਨ ਤੱਤ। ਮਾਸਾਹਾਰੀ ਪ੍ਰਾਣੀ ਵੀ ਅਸਿੱਧੇ ਤੌਰ ਤੇ ਇਸ ਤੇ ਨਿਰਭਰ ਹਨ ਪਰ ਸਮੁੰਦਰੀ ਪ੍ਰਾਣੀ ਜੋ ਸਾਡੀ ਖੁਰਾਕ ਦਾ ਥੋੜਾ ਹਿੱਸਾ ਹਨ, ਇਸ ਦੇ ਦਾਇਰੇ ਤੋਂ ਬਾਹਰ ਹਨ। ਖੁਰਾਕ ਤੋਂ ਇਲਾਵਾ ਇਹ ਗੈਰ-ਖੁਰਾਕੀ ਵਸਤੂਆਂ ਦਾ ਵੀ ਵੱਡਾ ਸਾਧਨ ਹੈ, ਜਿਵੇਂ ਕਿ ਕਪਾਹ, ਪਟਸਨ, ਰਬੜ, ਜੜੀਆਂ-ਬੂਟੀਆਂ, ਬਾਇਓ-ਫਿਊਲ, ਕਾਗਜ, ਤੇਲ, ਅਫੀਮ, ਫਰਨੀਚਰ, ਇਮਾਰਤੀ ਲੱਕੜ ਅਤੇ ਬਾਲਣ ਆਦਿ। ਅੱਜ ਸੰਸਾਰ ਪੱਧਰ ਤੇ ਖੇਤੀ-ਬਾੜੀ ਦੀ ਉਪਜ ਕੁੱਲ ਆਰਥਿਕਤਾ ਦਾ ਭਾਵੇਂ ਸਿਰਫ 4.3% ਹਿੱਸਾ ਹੈ ਪਰ ਇਹ ਹੋਰ ਸਭ ਖੇਤਰਾਂ ਦੀਆਂ ਆਰਥਿਕਤਾਵਾਂ ਦੀ ਸਿਰਮੌਰ ਹੈ ਅਤੇ ਉਨ੍ਹਾਂ ਤੋਂ ਚਾਰ ਗੁਣਾ ਤੱਕ ਵੱਧ ਪ੍ਰਭਾਵ-ਕਾਰੀ ਹੈ। ਇਹ ਗਰੀਬੀ ਦੂਰ ਕਰਕੇ ਖੁਸ਼ਹਾਲੀ ਦੀ ਬਰਾਬਰ ਵੰਡ ਕਰਨ ਦਾ ਸਭ ਤੋਂ ਵਧੀਆ ਸਾਧਨ ਹੈ (ਵਿਸ਼ਵ ਬੈਂਕ)। ਇਜ਼ਰਾਇਲ ਦੇ ਦੋ ਵਾਰ ਪ੍ਰਧਾਨ ਮੰਤਰੀ ਅਤੇ ਫਿਰ ਰਾਸ਼ਟਰਪਤੀ ਰਹੇ ਅਤੇ ਨੋਬਲ ਪੁਰਸਕਾਰ ਵਿਜੇਤਾ ਮਿ. ਸ਼ਿਮਾਨ ਪੈਰੀ ਦਾ ਬਿਆਨ ਹੈ ਕਿ: “ਖੇਤੀ-ਬਾੜੀ ਉਦਯੋਗ ਤੋਂ ਵੱਧ ਕ੍ਰਾਂਤੀਕਾਰੀ ਹੈ”। ਪਰ ਨਿਰਾਸ਼ਾ-ਜਨਕ ਗੱਲ ਹੈ ਕਿ ਅੱਜ ਖੇਤੀ ਆਪਣਾ ਇਹ ਰੁਤਬਾ ਖੋ ਚੁੱਕੀ ਹੈ। ਇਸ ਦੇ ਕਾਰਨ ਅਤੇ ਖੇਤੀ ਦੇ ਰੁਤਬੇ ਨੂੰ ਬਹਾਲ ਕਰਨ ਦੇ ਕੁੱਝ ਜਤਨਾਂ ਤੇ ਸੰਖੇਪ ’ਚ ਵਿਚਾਰ ਕਰਦੇ ਹਾਂ।

ਭਾਵੇਂ ਖੁਰਾਕ ਦਾ ਇਤਿਹਾਸ ਮਨੁੱਖ ਜਿੰਨਾ ਹੀ ਪੁਰਾਣਾ ਹੈ ਪਰ ਮਾਡਰਨ ਕਿਸਮ ਦੀ ਨਿਯਮਿਤ ਅਤੇ ਟਿਕਵੀਂ ਖੇਤੀ-ਬਾੜੀ ਦਾ ਅਰੰਭ ਕੋਈ ਬਾਰਾਂ ਹਜ਼ਾਰ ਸਾਲ ਪਹਿਲਾਂ ਹੋਇਆ। ਇਹ ਅਰੰਭ ਸੰਸਾਰ ਦੇ ਦਸ ਕੁ ਅੱਡ-ਅੱਡ ਖੇਤਰਾਂ ’ਚ, ਇੱਕ-ਦੂਜੇ ਤੋਂ ਅਜ਼ਾਦ ਅਤੇ ਅੱਡ-ਅੱਡ ਕਿਸਮ ਦੀਆਂ ਫਸਲਾਂ ਨਾਲ਼ ਹੋਇਆ। ਇਸ ਦੇ ਨਾਲ਼ ਹੀ ਬੀਜਾਂ, ਪਸ਼ੂਆਂ ਅਤੇ ਜਾਨਵਰਾਂ ਦਾ ਪਾਲਤੂ-ਕਰਨ ਅਤੇ ਘਰੋਗੀ-ਕਰਨ ਵੀ ਸ਼ੁਰੂ ਹੋਇਆ ਜੋ ਖੇਤੀ-ਬਾੜੀ ਲਈ ਵਰਤੇ ਜਾਣ ਲੱਗੇ। ਭਾਵ ਖੇਤੀ-ਬਾੜੀ ਕੋਈ ਕਾਢ ਨਹੀਂ; ਬਲਕਿ ਬਹੁਤ ਧੀਮੀ ਗਤੀ ਨਾਲ਼ ਵਿਕਸਤ ਹੋਇਆ ਵਿਆਪਕ ਕਿੱਤਾ ਹੈ। ਇਸ ਦੇ ਹਰ ਕੰਮ ਲਈ ਮਨੁੱਖੀ-ਬਲ ਅਤੇ ਪਸ਼ੂ-ਬਲ ਹੀ ਵਰਤੇ ਜਾਂਦੇ ਸਨ ਅਤੇ ਸਿੰਜਾਈ ਲਈ ਬਹੁਤੀ ਨਿਰਭਰਤਾ ਬਾਰਸ਼ ਤੇ ਸੀ। ਤਜਰਬੇ ਦੇ ਅਧਾਰ ਤੇ ਖੇਤੀ-ਕਾਰਾਂ ਨੂੰ ਸਮਝ ਸੀ ਕਿ ਮਨੁੱਖਾਂ ਅਤੇ ਪਸ਼ੂਆਂ ਦਾ ਮਲ਼-ਮੂਤਰ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨਾਲ਼ ਪੈਦਾਵਾਰ ਵੱਧ ਹੁੰਦੀ ਸੀ। ਇਸੇ ਤਰ੍ਹਾਂ ਬਦਲ-ਬਦਲ ਕੇ ਫਸਲਾਂ ਬੀਜਣ ਨਾਲ਼ ਵੀ ਝਾੜ ਵੱਧ ਹੁੰਦਾ ਸੀ। ਪਰ ਇਨ੍ਹਾਂ ਦੋਨਾਂ ਗੱਲਾਂ ਦੀ ਰਸਾਇਣਕ ਭੂਮਿਕਾ ਬਾਰੇ ਉਨ੍ਹਾਂ ਨੂੰ ਕੋਈ ਗਿਆਨ ਨਹੀਂ ਸੀ। ਖੇਤੀ-ਬਾੜੀ ਦੇ ਉੱਤਮ ਕਿੱਤਾ ਹੋਣ ਸਦਕਾ ਹੀ ਵਾਹੀ-ਯੋਗ ਜ਼ਮੀਨ ਦੀ ਮਾਲਕੀ ਹੀ ਸਮਾਜ ਦੀ ਸਭ ਤੋਂ ਵੱਡੀ ਮਲਕੀਅਤ ਸਮਝੀ ਜਾਂਦੀ ਸੀ।

ਖੇਤੀ ਦੇ ਵਿਕਾਸ ਦੀ ਗਤੀ ਬਹੁਤ ਧੀਮੀ ਰਹੀ ਜਿਸ ਕਰਕੇ ਵਧ ਰਹੀ ਅਬਾਦੀ ਦੀਆਂ ਲੋੜਾਂ ਮਸਾਂ ਪੂਰੀਆਂ ਹੁੰਦੀਆਂ ਸਨ। ਅੱਜ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਦੇ ਅਤੇ ਅੱਜ ਤੋਂ ਤਿੰਨ ਸੌ ਸਾਲ ਪਹਿਲਾਂ ਦੇ ਖੇਤੀ-ਬਾੜੀ ਦੇ ਢੰਗਾਂ ’ਚ ਕੋਈ ਬਹੁਤਾ ਫਰਕ ਨਹੀਂ ਸੀ। ਪਰ ਢਾਈ ਕੁ ਸੌ ਸਾਲ ਪਹਿਲਾਂ ਦੀ ਉਦਯੋਗਿਕ ਕ੍ਰਾਂਤੀ ਦਾ ਖੇਤੀ-ਬਾੜੀ ਤੇ ਬਹੁਤ ਪਰਭਾਵ ਪਿਆ। ਉਸ ਤੋਂ ਥੋੜੇ ਚਿਰ ਬਾਅਦ ਡੀਜ਼ਲ /ਪਟਰੋਲ ਇੰਜਣ, ਟਰੈਕਟਰ ਅਤੇ ਖੇਤੀ ਦੀਆਂ ਹੋਰ ਮਸ਼ੀਨਾਂ ਦੀਆਂ ਕਾਢਾਂ ਨਿਕਲ਼ੀਆਂ। ਖਾਦਾਂ, ਖਾਸ ਕਰਕੇ ਨਾਈਟ੍ਰੋਜਨ ਆਦਿ ਦੀ ਮਹੱਤਵ-ਪੂਰਨ ਭੂਮਿਕਾ ਦਾ ਪਤਾ ਲੱਗਿਆ। ਫਿਰ ਨੋਬਲ ਪੁਰਸਕਾਰ ਵਿਜੇਤਾ ਡਾ. ਨਾਰਮਨ ਬਾਰਲੌਗ ਵਲੋਂ ਖੋਜੇ ਕਣਕ ਦੇ ਵਿਕਸਿਤ ਬੀਜਾਂ ਕਰਕੇ ਹਰੀ ਕ੍ਰਾਂਤੀ ਆਈ ਅਤੇ ਹਰ ਕਿਸਮ ਦੀ ਉਪਜ ’ਚ ਜੁਗ-ਪਲਟਾਊ ਵਾਧਾ ਹੋਇਆ। ਉਦਾਹਰਣ ਵਜੋਂ, ਯੂ.ਕੇ ’ਚ ਕਣਕ ਦੀ ਪੈਦਾਵਾਰ ਸਾਢੇ ਛੇ ਕੁਇੰਟਲ ਪ੍ਰਤੀ ਏਕੜ (1850) ਤੋਂ ਵਧ ਕੇ 34 ਕੁਇੰਟਲ (2020) ਹੋ ਗਈ। ਖੇਤੀ ਹੇਠਲਾ ਰਕਬਾ ਵੀ ਵਧਿਆ ਅਤੇ ਵੱਧ-ਘੱਟ ਦੇ ਫਰਕ ਨਾਲ਼ ਸਾਰੇ ਸੰਸਾਰ ’ਚ ਇਸ ਤਰ੍ਹਾਂ ਦੀ ਤਰੱਕੀ ਹੋਈ। ਇਸ ਸਮੇਂ ਦੌਰਾਨ ਸੰਸਾਰ ਦੀ ਅਬਾਦੀ 120 ਕਰੋੜ ਤੋਂ ਵਧ ਕੇ 780 ਕਰੋੜ ਹੋਈ ਪਰ ਵਿਕਸਿਤ ਖੇਤੀ-ਬਾੜੀ ਕਰ ਕੇ ਵਧੀ ਅਬਾਦੀ ਦੀਆਂ ਖੁਰਾਕੀ ਜ਼ਰੂਰਤਾਂ ਲੱਗ-ਭੱਗ ਪੂਰੀਆਂ ਹੁੰਦੀਆਂ ਰਹੀਆਂ। ਵਰਣਨ-ਯੋਗ ਹੈ ਕਿ ਖੇਤੀ ਦੇ ਸਮੁੱਚੇ ਵਿਕਾਸ ਨਾਲ਼ ਇਸ ਕਿੱਤੇ ’ਚ ਕੰਮ ਕਰਨ ਵਾਲੇ ਲੋਕਾਂ ਦੀ ਲੋੜ ਘਟਦੀ ਰਹੀ। ਮਨੁੱਖ ਨੂੰ ਹੋਰ ਉਪਯੋਗੀ ਖੇਤਰਾਂ ’ਚ ਕੰਮ ਕਰਨ ਦੇ ਮੌਕੇ ਮਿਲਦੇ ਗਏ; ਜਿਵੇਂ ਕਿ ਵਿਗਿਆਨ, ਤਕਨਾਲੋਜੀ, ਵਿੱਦਿਆ, ਕਲਾ, ਦਸਤਕਾਰੀ, ਵਪਾਰ ਆਦਿ ਜਿਸ ਨਾਲ਼ ਬਹੁ-ਪੱਖੀ ਤਰੱਕੀ ਸੰਭਵ ਹੋ ਸਕੀ। ਇਸ ਗੱਲ ਦਾ ਮੋੜਵਾਂ ਲਾਭ ਖੇਤੀ-ਬਾੜੀ ਨੂੰ ਹੁੰਦਾ ਰਿਹਾ। ਸਪਸ਼ਟ ਹੈ ਕਿ ਸਾਡੀ ਸਮੁੱਚੀ ਤਰੱਕੀ ਦਾ ਮੁੱਖ ਅਧਾਰ ਇਹ ਕਿੱਤਾ ਬਣਿਆ ਜੋ ਇਸ ਦੇ ਉੱਤਮ ਹੋਣ ਦਾ ਇੱਕ ਹੋਰ ਕਾਰਨ ਹੈ।

ਸਰਸਰੀ ਤੌਰ ਤੇ ਦੇਖਿਆਂ ਲਗਦਾ ਹੈ ਕਿਖੇਤੀ-ਬਾੜੀ ਦੀ ਉਪਜ ਮਨੁੱਖੀ ਅਤੇ ਪਸ਼ੂਆਂ ਦੀ ਮਿਹਨਤ, ਵਧੀਆ ਬੀਜਾਂ, ਵੱਧ ਖਾਦਾਂ, ਪਾਣੀ ਅਤੇ ਧਰਤੀ ਦੇ ਹੋਰ ਤੱਤਾਂ ਤੇ ਹੀ ਨਿਰਭਰ ਹੈ। ਨਿਰ-ਸੰਦੇਹ ਇਹ ਸਭ ਚੀਜ਼ਾਂ ਜ਼ਰੂਰੀ ਹਨ ਪਰ ਇਨ੍ਹਾਂ ਸਭ ਨਿਵੇਸ਼ਾਂ ਤੋਂ ਉੱਪਰ, ਕੁਦਰਤ ਦੀ ਇੱਕ ਅਦਭੁਤ ਅਤੇ ਨਿਰਾਲੀ ਪਰਕਿਰਿਆ ਕੰਮ ਕਰਦੀ ਹੈ ਜਿਸ ਨੂੰ ‘ਫੋਟੋਸਿੰਥੇਸਿਜ’ ਕਿਹਾ ਜਾਂਦਾ ਹੈ। ਇਹ ਪਰਕਿਰਿਆ ਸੂਰਜ ਦੀ ਊਰਜਾ ਰਾਹੀਂ ਫਸਲਾਂ, ਪੇੜ-ਪੌਦਿਆਂ ਅਤੇ ਹੋਰ ਸਭ ਬਨਸਪਤੀ ਨੂੰ ਖ਼ੁਰਾਕੀ ਅਤੇ ਗ਼ੈਰ-ਖੁਰਾਕੀ ਊਰਜਾ ਬਣਾਉਣ ਦੇ ਸਮਰੱਥ ਬਣਾਉਂਦੀ ਹੈ। ਇਸ ਦੇ ਨਾਲ਼-ਨਾਲ਼ ਇਹ ਜੀਵਨ ਲਈ ਅਤਿ ਅੰਤ ਜ਼ਰੂਰੀ ਆਕਸੀਜ਼ਨ ਬਣਾਉਂਦੀ ਹੈ। ਸਾਡੇ ਵਲੋਂ ਅਣਗੌਲ਼ਿਆ ਕੀਤਾ ਜਾ ਰਿਹਾ ‘ਫੋਟੋਸਿੰਥੇਸਿਜ’ ਦਾ ਇਹ ਵਰਤਾਰਾ ਧਰਤੀ ਦੇ ਮੁੱਖ ਕੁਦਰਤੀ ਵਰਤਾਰਿਆਂ ’ਚੋਂ ਇੱਕ ਹੈ, ਜੋ ਧਰਤੀ ਬਣਨ ਤੋਂ ਥੋੜਾ ਸਮਾਂ ਬਾਅਦ (ਅੱਜ ਤੋਂ 350 ਕਰੋੜ ਸਾਲ ਪਹਿਲਾਂ) ਹੀ ਸ਼ੁਰੂ ਹੋ ਗਿਆ ਸੀ। ਨਿਯਮਿਤ ਅਤੇ ਟਿਕਵੀਂ ਖੇਤੀ ਰਾਹੀਂ ਮਨੁੱਖ ‘ਫੋਟੋਸਿੰਥੇਸਿਜ’ ਦੀ ਪਰਕਿਰਿਆ ਨੂੰ, ਯਕੀਨੀ ਅਤੇ ਆਪਣੀ ਮਨ-ਪਸੰਦ ਖੁਰਾਕ ਪੈਦਾ ਕਰਨ ਲਈ ਵਰਤ ਸਕਿਆ ਹੈ। ਪੁਰਾਣੇ ਖੇਤੀ-ਕਾਰਾਂ ਨੂੰ ਇਸ ਆਦਿ-ਕਾਲੀਨ ਪਰਕਿਰਿਆ ਦੀ ਮਹੱਤਤਾ ਬਾਰੇ ਵੀ ਕੋਈ ਗਿਆਨ ਨਹੀਂ ਸੀ; ਇਸਦਾ ਪਤਾ ਮਾਡਰਨ ਵਿਗਿਆਨਕ ਖੋਜਾਂ ਤੋਂ ਹੀ ਲੱਗਿਆ ਹੈ। ਇਸ ਰਾਹੀਂ ਅਸੀਂ ਸੂਰਜ ਦੀ ਤਾਜ਼ਾ ਊਰਜਾ ਨੂੰ ਆਪਣੇ ਸਰੀਰਕ ਵਾਧੇ ਅਤੇ ਪਲ-ਪਲ ਦੀਆਂ ਸਰੀਰਕ ਊਰਜਾ-ਲੋੜਾਂ ਪੂਰੀਆਂ ਕਰਨ ਲਈ ਵਰਤ ਰਹੇ ਹਾਂ। ਇਹ ਖੇਤੀ ਨੂੰ ਸਿੱਧੇ ਤੌਰ ਤੇ ਕੁਦਰਤ ਨਾਲ਼ ਜੋੜਦੀ ਹੈ ਜਦ ਕਿ ਬਾਕੀ ਸਭ ਕਿੱਤੇ ਮਨੁੱਖੀ ਕਾਢਾਂ ਨਾਲ਼ ਜੁੜੇ ਹੋਏ ਹਨ। ਹੋਰਾਂ ਕਿੱਤਿਆਂ ਤੋਂ ਖੇਤੀ ਦੀ ਵਿਲੱਖਣਤਾ ਅਤੇ ਵਿਗਿਆਨਕ ਪੱਖ ਤੋਂ ਉੱਤਮ ਹੋਣ ਦਾ ਇਹ ਮੁੱਖ ਕਾਰਨ ਹੈ।

ਸਰੀਰਕ ਵਾਧੇ ਅਤੇ ਰੋਜ਼-ਮੱਰਰਾ ਦੀਆਂ ਸਰੀਰਕ ਊਰਜਾ-ਲੋੜਾਂ ਪੂਰੀਆਂ ਕਰ ਰਹੀ ਸੂਰਜ ਦੀ ਤਾਜ਼ੀ ਊਰਜਾ ਤੋਂ ਇਲਾਵਾ ਅੱਜ ਦੇ ਸੰਸਾਰ ਨੂੰ ਇੱਕ ਹੋਰ ਕਿਸਮ ਦੀ ਊਰਜਾ ਦੀ ਵੀ ਅਹਿਮ ਲੋੜ ਹੈ ਅਤੇ ਇਹ ਲੋੜ ਵੀ ਫੋਟੋਸਿੰਥੇਸਿਜ ਰਾਹੀਂ ਹੀ ਪੂਰੀ ਹੋ ਰਹੀ ਹੈ। ਦੂਸਰੀ ਪਰਕਾਰ ਦੀ ਇਸਊਰਜਾ ਦੀ ਸਾਨੂੰ ਉਦਯੋਗਿਕ ਉਤਪਾਦ (ਬਿਜਲੀ, ਸਟੀਲ, ਸੀਮਿੰਟ, ਪਲਾਸਟਿਕ, ਖਾਦਾਂ ਅਤੇ ਕੱਪੜਾ ਆਦਿ), ਢੋਅ-ਢੁਆਈ ਅਤੇ ਮਾਡਰਨ ਜੀਵਨ ਸ਼ੈਲੀ ਦੀਆਂ ਅਣਗਿਣਤ ਜ਼ਰੂਰਤਾਂ ਪੂਰੀਆਂ ਕਰਨ ਲਈ ਲੋੜ ਹੈ। ਇਸ ਊਰਜਾ ਦਾ ਬਹੁਤ ਵੱਡਾ ਹਿੱਸਾ(80%) ਸਾਨੂੰ ਫੌਸਿਲਫਿਊਲਾਂ (ਕੋਲਾ, ਕੁਦਰਤੀ ਗੈਸ ਅਤੇ ਪੈਟ੍ਰੋਲੀਅਮ ਪਦਾਰਥਾਂ) ਤੋਂ ਮਿਲਦਾ ਹੈ ਜੋ ਕਰੋੜਾਂ ਸਾਲ ਪਹਿਲਾਂ ਫੋਟੋਸਿੰਥੇਸਿਜ ਦੀ ਪਰਕਿਰਿਆ ਰਾਹੀਂ ਹੀ ਬਣੀਆਂ ਸਨ। ਬਾਕੀ 20% ਹਿੱਸਾ ਹਵਾ, ਪਾਣੀ, ਲਹਿਰਾਂ, ਧਰਤੀ ਅੰਦਰਲੀ ਗਰਮੀ ਅਤੇ ਪਰਮਾਣੂ ਸਾਧਨਾਂ ਤੋਂ ਮਿਲਦਾ ਹੈ ਜਿਨ੍ਹਾਂ ਦਾ ਸ੍ਰੋਤ ਫਿਰ ਸੂਰਜ ਹੀ ਹੈ। ਇਸ ਤਰ੍ਹਾਂ ਅਸੀਂ ਰੋਜ਼-ਮੱਰਰਾ ਦੀਆਂ ਸਰੀਰਕ ਊਰਜਾ-ਲੋੜਾਂ ਲਈ ਸੂਰਜ ਦੀ ਤਾਜ਼ੀ ਊਰਜਾ ਵਰਤ ਰਹੇ ਹਾਂ ਅਤੇ ਉਦਯੋਗ ਆਦਿ ਲਈ ਸੂਰਜ ਦੀ ਭੰਡਾਰ ਕਰ ਕੇ ਰੱਖੀ ਹੋਈ ਪੁਰਾਣੀ ਊਰਜਾ ਵੀ ਵਰਤ ਰਹੇ ਹਾਂ ਅਤੇ ਤਾਜ਼ਾ ਵੀ ਵਰਤ ਰਹੇ ਹਾਂ। ਯਾਣੀ ਕਿ ਅਸੀਂ ਹਰ ਪਾਸੇ, ਸਿੱਧੇ ਜਾ ਅਸਿੱਧੇ ਤੌਰ ਤੇ ਸੂਰਜ ਦੀ ਊਰਜਾ ਹੀ ਵਰਤ ਰਹੇ ਹਾਂ। ਭਾਵੇਂ ਆਮ ਬੋਲੀ ’ਚ ਅਸੀਂ ‘ਸੋਲਰ ਇਨਰਜੀ’ ਨੂੰ ਬਿਜਲੀ ਨਾਲ਼ ਜੋੜਦੇ ਹਾਂ ਪਰ ਅਸਲ ’ਚ ਧਰਤੀ ਦੀ ਹਰ ਕਿਸਮ ਦੀ ਊਰਜਾ ਹੀ ਸੂਰਜੀ ਊਰਜਾ (ਸੋਲਰ ਇਨਰਜੀ) ਹੈ। ਯਾਦ ਰੱਖਣ ਵਾਲ਼ਾ ਕੁਦਰਤੀ ਸਿਧਾਂਤ ਇਹ ਹੈ ਕਿ ਊਰਜਾ ਨਾ ਪੈਦਾ ਕੀਤੀ ਜਾ ਸਕਦੀ ਹੈ ਅਤੇ ਨਾ ਖਤਮ ਕੀਤੀ ਜਾ ਸਕਦੀ ਹੈ, ਇਹ ਕੇਵਲ ਆਪਣਾ ਰੂਪ ਬਦਲਦੀ ਹੈ – ਉਪਰੋਕਤ ਸਭ ਪਰਕਿਰਿਆਵਾਂ ਇਸ ਦਾ ਇੱਕ ਕਿਸਮ ਤੋਂ ਦੂਸਰੀ ਕਿਸਮ ’ਚ ਰੂਪਾਂਤਰਣ ਹੀ ਕਰਦੀਆਂ ਹਨ। ਸੋਫੋਟੋਸਿੰਥੇਸਿਜ ਹਵਾ, ਪਾਣੀ, ਧਰਤੀ ਦੇ ਤੱਤਾਂ, ਖਾਦਾਂ, ਮਸ਼ੀਨਰੀ, ਫੌਸਿਲ ਫਿਊਲਾਂ ਅਤੇ ਮਨੁੱਖੀ ਊਰਜਾਵਾਂ ਦਾ ਸੁਮੇਲ ਕਰਕੇ ਇਨ੍ਹਾਂ ਨੂੰ ਖੁਰਾਕੀ ਊਰਜਾ ’ਚ ਰੂਪਾਂਤਰਣ ਕਰਨ ਦਾ ਅਲੌਕਿਕ ਕੁਦਰਤੀ ਵਰਤਾਰਾ ਹੈ।

ਪ੍ਰਸ਼ਨ ਪੈਦਾ ਹੁੰਦਾ ਹੈ ਕਿ ਜਦ ਖੇਤੀ ਲਈ ਵਰਤੀ ਜਾਂਦੀ ਤਾਜ਼ੀ ਊਰਜਾ ਅਤੇ ਉਦਯੋਗ ਆਦਿ ਲਈ ਵਰਤੀ ਜਾਂਦੀ ਭੰਡਾਰ ਕਰ ਕੇ ਰੱਖੀ ਹੋਈ ਊਰਜਾ, ਦੋਨਾਂ ਦਾ ਸ੍ਰੋਤ ਸੂਰਜ ਹੈ ਅਤੇ ਦੋਨੋਂ ਇੱਕੋ ‘ਫੋਟੋਸਿੰਥੇਸਿਜ’ ਦੀ ਪਰਕਿਰਿਆ ਰਾਹੀਂ ਬਣਦੀਆਂ ਹਨ, ਤਾਂ ਫਿਰ ਖੇਤੀ ਉਦਯੋਗ ਤੋਂ ਉੱਤਮ ਕਿਵੇਂ ਹੋਈ? ਜਵਾਬ ਸਪਸ਼ਟ ਹੈ ਕਿ ਫੋਟੋਸਿੰਥੇਸਿਜ ਕੁਦਰਤ ਦੀਆਂ ਹੋਰ ਨਿਆਮਤਾਂ ਵਾਂਗ ਮੁਫ਼ਤ ਹੈ। ਇਹ ਸਾਡੇ ਜੀਵਨ ਲਈ ਜ਼ਰੂਰੀ ਖੁਰਾਕ ਅਤੇ ਜ਼ਰੂਰੀ ਆਕਸੀਜਨ ਪੈਦਾ ਕਰਦੀ ਹੈ। ਪਰ ਇਸ ਦੇ ਉਲਟ ਫੌਸਿਲ ਫਿਊਲਾਂ ਵਰਤਣ ਲਈ ਸਾਨੂੰ ਬਹੁਤ ਮਹਿੰਗੀ ਮਸ਼ੀਨਰੀ ਬਣਾਉਣੀ, ਲਾਉਣੀ, ਸਾਂਭਣੀ ਅਤੇ ਚਲਾਉਣੀ ਪੈਂਦੀ ਹੈ। ਇਸ ਤਰ੍ਹਾਂ ਕਰਨ ’ਚ ਪੈਸਾ ਵੀ ਬਹੁਤ ਲਗਦਾ ਹੈ ਅਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲ਼ੀਆਂ ਗੈਸਾਂ ਵੀ ਬਹੁਤ ਪੈਦਾ ਹੁੰਦੀਆਂ ਹਨ। ਪਰ ਸਾਡੇ ਆਰਥਿਕ ਸਿਸਟਮ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਅਸੀਂ ਤਾਜ਼ਾ ਸੂਰਜੀ ਊਰਜਾ ਨੂੰ ਬਹੁਤ ਘੱਟ ਵਰਤ ਰਹੇ ਹਾਂ ਅਤੇ ਫੌਸਿਲ ਫਿਊਲਾਂ ਨੂੰ ਬਹੁਤ ਵੱਧ। ਸਾਡਾ ਆਰਥਿਕ ਸਿਸਟਮ ਫੋਟੋ ਸਿੰਥੇਸਿਜ ਦੀ ਕੋਈ ਕਦਰ ਨਹੀਂ ਕਰ ਰਿਹਾ। ਵੈਸੇ ਵੀ ਅਸੀਂ ਫੋਟੋਸਿੰਥੇਸਿਜ ਵਾਂਗੂੰ ਹਰ ਕੁਦਰਤੀ ਸਾਧਨ ਦੀ ਦੁਰ-ਵਰਤੋਂ ਕਰ ਰਹੇ ਹਾਂ ਅਤੇ ਧਰਤੀ ਦੇ ਹਰ ਸਿਸਟਮ ਨੂੰ ਬਰਬਾਦ ਕਰ ਰਹੇ ਹਾਂ। ਪਰ ਚੰਗੀ ਗੱਲ ਇਹ ਹੈ ਕਿ ਅੱਜ-ਕਲ੍ਹ ਇੱਕ ਨਵੀਂ ਵਿਚਾਰ-ਧਾਰਾ ਜ਼ੋਰ ਫੜ ਰਹੀ ਹੈ ਕਿ ਸਾਡੇ ਵਲੋਂ ਵਰਤੇ ਹਰ ਕੁਦਰਤੀ ਸਾਧਨ ਦੀ ਹੋਰ ਨਿਵੇਸ਼ਾਂ ਵਾਂਗੂੰ ਕੀਮਤ ਮਿੱਥੀ ਜਾਵੇ ਅਤੇ ਇਸ ਕੀਮਤ ਨੂੰ ਉਤਪਾਦ ’ਚ ਜੋੜਿਆ ਜਾਵੇ।

ਸਾਡੇ ਵਲੋਂ ਕੀਤੀ ਜਾ ਰਹੀ ਦੁਰ-ਵਰਤੋਂ ਕਰ ਕੇ ਖੇਤੀ-ਬਾੜੀ ਨਾਲ਼ ਬਹੁਤ ਕਿਸਮ ਦੇ ਵਿਵਾਦ ਜੁੜ ਗਏ ਹਨ ਅਤੇ ਅੱਜ ਅਸੀਂ ਇਸ ਨੂੰ ਉੱਤਮ ਕਿੱਤਾ ਨਹੀਂ ਕਹਿ ਸਕਦੇ। ਇਹ ਮਸ਼ੀਨਰੀ ਅਤੇ ਖਾਦਾਂ ਪਰਧਾਨ ਕਿੱਤਾ ਬਣ ਗਿਆ ਹੈ। ਇਨ੍ਹਾਂ ਦੋਨਾਂ ਲਈ ਬਹੁਤ ਫੌਸਿਲਫਿਊਲਾਂ ਵਰਤੀਆਂ ਜਾਂਦੀਆਂ ਹਨ। ਭਾਵੇਂ ਸਿੱਧੇ ਅਤੇ ਅਸਿੱਧੇ ਤੌਰ ਤੇ ਮਸ਼ੀਨਰੀ ਲਈ ਵੀ ਬੇ-ਥਾਹ ਫੌਸਿਲ ਫਿਊਲਾਂ ਵਰਤੀਆਂ ਜਾ ਰਹੀਆਂ ਹਨ ਪਰ ਖਾਦਾਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਕੀਟ-ਨਾਸ਼ਕ/ਬੂਟੀ-ਮਾਰ ਦਵਾਈਆਂ ਆਦਿ ਲਈ ਤਾਂ ਇਸ ਤੋਂ ਵੀ ਕਿਤੇ ਵੱਧ ਵਰਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਮਾਡਰਨ ਖੇਤੀ ਇਸ ਹੱਦ ਤੱਕ ਮਸ਼ੀਨਰੀ ਅਤੇ ਖਾਦਾਂ ਤੇ ਨਿਰਭਰ ਹੋ ਗਈ ਹੈ ਕਿ ਨੇੜ-ਭਵਿੱਖ ’ਚ ਇਹ ਫੌਸਿਲ ਫਿਊਲਾਂ ਤੋਂ ਖਹਿੜਾ ਨਹੀਂ ਛੁਡਾ ਸਕਦੀ। ਅੱਜ ਇਹ ਕਿੱਤਾ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ 25% ਜ਼ਿੰਮੇਵਾਰ ਹੈ। ਇਸ ਨਾਲ਼ ਜੁੜੇ ਹੋਰ ਵਿਵਾਦ ਹਨ: ਪਾਣੀ ਦੀ ਬਰਬਾਦੀ, ਜੰਗਲ਼ਾਂ ਦੀ ਕਟਾਈ, ਖਾਦਾਂ ਅਤੇ ਦਵਾਈਆਂ ਦੀ ਘਾਤਕ ਹੱਦ ਤੱਕ ਵਰਤੋਂ, ਮੀਟ ਦੀ ਬਹੁਤ ਜ਼ਿਆਦਾ ਵਰਤੋਂ। ਉੱਪਰ ਦੀ ਅਸੀਂ ਸੰਸਾਰ ਪੱਧਰ ਤੇ ਆਪਣੀ ਉਪਜ ਅਤੇ ਖੁਰਾਕ ਦੇ ਤੀਸਰੇ ਹਿੱਸੇ ਤੋਂ ਵੱਧ ਜਾਇਆ ਕਰ ਰਹੇ ਹਾਂ।

ਇਸ ਕਰ ਕੇ ਇਸ ਕਿੱਤੇ ਦੀ ਪ੍ਰਾਥਮਿਕਤਾ ਹੋਰ ਕਿੱਤਿਆਂ ਤੋਂ ਪਿੱਛੇ ਚਲੀ ਗਈ ਹੈ। ਅੱਜ ਹੁਸ਼ਿਆਰ ਵਿਦਿਆਰਥੀ ਕੰਪਿਊਟਰ, ਕਾਨੂੰਨ, ਫਾਈਨੈਂਸ, ਪ੍ਰਬੰਧ ਅਤੇ ਸੇਵਾ ਖੇਤਰਾਂ ਨੂੰ ਵੱਧ ਤਰਜੀਹ ਦੇ ਰਿਹਾ ਹੈ। ਦੂਸਰੇ ਨੰਬਰ ਤੇ ਉਦਯੋਗ ਖੇਤਰ ਆਉਂਦਾ ਹੈ ਅਤੇ ਖੇਤੀ ਸਭ ਤੋਂ ਪਿੱਛੇ ਚਲੀ ਗਈ ਹੈ। ਅੱਜ ਅਮਰੀਕਾ ’ਚ 3% ਤੋਂ ਵੀ ਘੱਟ ਲੋਕ ਸਿੱਧੇ ਤੌਰ ਤੇ ਖੇਤੀ ਦੇ ਕਿੱਤੇ ’ਚ ਕੰਮ ਕਰਦੇ ਹਨ ਜਦ ਕਿ ਖੁਰਾਕ ਨਾਲ਼ ਜੁੜੇ ਸੇਵਾ-ਖੇਤਰ (ਸਰਵਿਸ ਸੈਕਟਰ) ਪਰਫੁੱਲਤ ਹੋ ਰਹੇ ਹਨ। ਖੇਤੀ ਦੇ ਖੇਤਰ ’ਚ ਪਿਛਲੇ 60 ਸਾਲਾਂ ’ਚ ਕੋਈ ਵੀ ਨਵੀਂ ਮਾਅਰਕੇ-ਦਾਰ ਖੋਜ ਨਹੀਂ ਹੋਈ ਕਿਉਂਕਿ ਖੋਜੀ ਪਰਵਿਰਤੀ ਦੇ ਬੁੱਧ-ਜੀਵੀਆਂ ਦੀ ਇਸ ਪਾਸੇ ਕੋਈ ਰੁਚੀ ਹੀ ਨਹੀਂ। ਵੈਸੇ ਤਾਂ ਖੇਤੀ-ਬਾੜੀ ’ਚ ਬਹੁਤ ਕਿਸਮ ਦੇ ਸੁਧਾਰਾਂ ਅਤੇ ਬਹੁਤ ਕਿਸਮ ਦੀਆਂ ਖੋਜਾਂ ਦੀ ਲੋੜ ਹੈ ਪਰ ਦੋ ਖੋਜਾਂ ਪ੍ਰਾਥਮਿਕਤਾ ਦੇ ਅਧਾਰ ਉੱਤੇ ਕਰਨ ਦੀ ਲੋੜ ਹੈ:

  • ਖਾਦਾਂ ’ਚ ਨਾਈਟ੍ਰੋਜਨ ਤੇ ਫਿਰ ਫ਼ਾਸਫੋਰਸ ਅਤੇ ਪੋਟਾਸ਼ੀਅਮ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਹਨ। ਹਵਾ ’ਚ 80% ਨਾਈਟ੍ਰੋਜਨ ਹੋਣ ਦੇ ਬਾਵਜੂਦ ਸਾਡੀਆਂ ਮੁੱਖ ਫਸਲਾਂ (ਕਣਕ, ਚੌਲ਼, ਮੱਕੀ ਅਤੇ ਸੌਰਗਮ) ਇਸ ਨੂੰ ਸਿੱਧਾ ਵਰਤਣ ਦੇ ਅ-ਸਮਰੱਥ ਹਨ ਜਦ ਕਿ ਦਾਲ਼ਾਂ, ਅਲਫਾਲਫਾ, ਸੋਇਆਬੀਨ, ਮੂੰਗਫਲ਼ੀ ਆਦਿ ਇਸ ਨੂੰ ਵਰਤ ਸਕਦੀਆਂ ਹਨ। ਇਸ ਤਰ੍ਹਾਂ ਦੇ ਬੀਜ ਵਿਕਸਤ ਕਰਨ ਦੀ ਲੋੜ ਹੈ ਕਿ ਮੁੱਖ ਫਸਲਾਂ ਵੀ ਨਾਈਟ੍ਰੋਜਨ ਨੂੰ ਹਵਾ ’ਚੋਂ ਸਿੱਧਾ ਵਰਤ ਸਕਣ ਦੇ ਸਮਰੱਥ ਹੋ ਸਕਣ। ਖਾਦ ਦੇ ਤੌਰ ਤੇ ਵਰਤੀ ਜਾ ਰਹੀ ਨਾਈਟ੍ਰੋਜਨ ਦਾ ਉਪਜ ਪੱਖੋਂ ਤਾਂ ਬਹੁਤ ਲਾਭ ਹੈ ਪਰ ਇਹ ਸਾਡੇ ਵਾਤਾਵਰਨ ਅਤੇ ਪਾਣੀਆਂ ਨੂੰ ਬਹੁਤ ਪ੍ਰਦੂਸ਼ਿਤ ਕਰ ਰਹੀ ਹੈ। ਨਵੀਂ ਖੋਜ ਖ਼ਾਦਾਂ ਦਾ ਖਰਚ ਵੀ ਘਟਾਏਗੀ ਅਤੇ ਪ੍ਰਦੂਸ਼ਣ ਨੂੰ ਘਟਾਉਣ ’ਚ ਵੀ ਮਦਦ-ਗਾਰ ਹੋਵੇਗੀ।
  • ਪੂਰੀਆਂ ਖਾਦਾਂ ਅਤੇ ਪੂਰੇ ਪਾਣੀ ਦੀ ਵਰਤੋਂ ਦੇ ਬਾਵਜੂਦ ਬਹੁਤੀਆਂ ਜ਼ਮੀਨਾਂ ਦੀ ਉਪਜ ਆਪਣੀ ਚਰਮ-ਸੀਮਾ ਤੇ ਪਹੁੰਚ ਗਈ ਹੈ। ਜਾਂ ਕਈ ਥਾਵਾਂ ਤੇ ਇਨ੍ਹਾਂ ਦੇ ਵਰਤਣ ਦੀ ਪਾਬੰਦੀ ਹੈ। ਸੋ ਉਪਜ ਵਧਾਉਣ ਦਾ ਹਰ ਪੱਖੋਂ ਲਾਹੇ-ਵੰਦ ਇੱਕ ਢੰਗ ਫੋਟੋਸਿੰਥੇਸਿਜ ਦੀ ਪ੍ਰਭਾਵਕਤਾ (ਐਫੀਸਿਐਂਸੀ) ਨੂੰ ਵਧਾਉਣਾ ਹੈ। ਹੁਣ ਇਹ ਸਿਰਫ ਇੱਕ ਪ੍ਰਤੀਸ਼ਤ ਹੈ ਪਰ ਇਸ ਨੂੰ ਵਧਾ ਸਕਣਾ ਵਿਗਿਆਨਕ ਪੱਖੋਂ ਸੰਭਵ ਹੈ। ਜ਼ਿਕਰ-ਯੋਗ ਹੈ ਕਿ ਸੋਲਰ ਬਿਜਲੀ ਦੀ ਪ੍ਰਭਾਵਕਤਾ 6% (1970) ਤੋਂ ਵਧ ਕੇ ਅੱਜ 20% ਹੋ ਗਈ ਹੈ ਅਤੇ ਇਸ ਦਾ ਖਰਚਾ ਵੀ ਬਹੁਤ ਘਟ ਗਿਆ ਹੈ। ਇਸੇ ਤਰ੍ਹਾਂ ਫੋਟੋਸਿੰਥੇਸਿਜ ਦੀ ਪ੍ਰਭਾਵਕਤਾ ਵੀ ਵਧਾਈ ਜਾ ਸਕਦੀ ਹੈ ਅਤੇ ਇਸ ਪਾਸੇ ਖੋਜਾਂ ਹੋ ਰਹੀਆਂ ਹਨ।

ਨਿਰਸੰਦੇਹ ਖੇਤੀ ਨਾਲ਼ ਜੁੜੇ ਹਰ ਵਰਗ ਦੇ ਸੁਹਿਰਦ ਬੁੱਧੀ-ਜੀਵੀ ਖੇਤੀ ਦੀਆਂ ਸਾਰੀਆਂ ਅਲਾਮਤਾਂ ਨੂੰ ਹੱਲ ਕਰਨ ’ਚ ਲੱਗੇ ਹੋਏ ਹਨ। ਪਰ ਇਸ ਨੂੰ ਕੁਰਾਹੇ ਪਾ ਕੇ ਰੱਖਣ ਵਾਲ਼ੀ ਲਾਬੀ ਵੀ ਨਾਲ਼-ਨਾਲ਼ ਕੰਮ ਕਰ ਰਹੀ ਹੈ। ਇਸ ਖੇਤਰ ਦੇ ਕੁਦਰਤੀ ਅਤੇ ਯਥਾਰਥਿਕ ਪੱਖਾਂ ਨੂੰ ਅੱਖੋਂ-ਪਰੋਖੇ ਕਰ ਕੇ ਇਹ ਲਾਬੀ ਇਸ ’ਚ ਸੁਧਾਰ ਕਰਨ ਦੀ ਬਜਾਇ ਇਸ ਦੇ ਖ਼ਿਆਲੀ ਬਦਲ ਲੱਭਣ ਦੀਆਂ ਲੁਭਾਉਣੀਆਂ ਖੋਜਾਂ ਦਾ ਪਰਚਾਰ ਕਰ ਰਹੇ ਹਨ। ਜਦ ਕਿ ਇਨ੍ਹਾਂ ਅਟਕਲ-ਪੱਚੂ ਖੋਜਾਂ ਤੋਂ ਕਿਤੇ ਵੱਧ ਅਸਰ-ਦਾਰ ਇਸ ਖੇਤਰ ਦੇ ਜ਼ਮੀਨੀ ਮਾਹਿਰਾਂ ਦੇ ਤਜਰਬੇ ਨੂੰ ਵਰਤਣਾ ਹੈ। ਇਸ ਖੇਤਰ ’ਚ ਮੋਬਾਈਲ ਸੈੱਲਾਂ ਵਾਂਗੂੰ ਹਰ ਛਿਮਾਹੀ ਨਵੀਆਂ ਖੋਜਾਂ ਸੰਭਵ ਨਹੀਂ। ਸਾਡੀਆਂ ਮੂਲ ਲੋੜਾਂ ਸਾਡੇ ਸਰੀਰ ਨਿਆਈਂ ਹਨ ਜਦ ਕਿ ਤਕਨਾਲੋਜੀਆਂ ਕੱਪੜਿਆਂ ਦੀ ਨਿਆਈਂ ਹਨ। ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਤੇ ਅਤੇ ਫੈਸ਼ਨ ਕਰਨ ’ਚ ਬਹੁਤ ਫਰਕ ਹੈ। ਇੱਕ ਹੋਰ ਬਹੁਤ ਕੋਝੀ ਚਾਲ ਤੋਂ ਬਚਣ ਦੀ ਬਹੁਤ ਲੋੜ ਹੈ ਕਿ ਡਿਜਿਟਲ ਤਕਨਾਲੋਜੀ ਦੇ ਮਾਹਿਰ ਇਸ ਖੇਤਰ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਆੜ ’ਚ ਇਸ ਤੇ ਨਕਲੀ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਦਾ ਗ਼ਲਬਾ ਪਾਉਣ ਦੇ ਜਤਨਾਂ ’ਚ ਲੱਗੇ ਹੋਏ ਹਨ ਅਤੇ ਸਾਨੂੰ ਅਸਲੀਅਤ ਤੋਂ ਦੂਰ ਕਰ ਰਹੇ ਹਨ। ਇਸ ਦੇ ਉਲਟ ਖੇਤੀ ਇੱਕ ਜ਼ਮੀਨੀ ਕਿੱਤਾ ਹੈ ਜੋ ਸਭ ਇਨਸਾਨਾਂ ਅਤੇ ਪਾਲਤੂ ਪ੍ਰਾਣੀਆਂ ਨੂੰ ਕੰਮ ਕਰਨ ਲਈ ਊਰਜਾ ਪਰਦਾਨ ਕਰਾਉਣ ਦਾ ਪਰਮੁੱਖ ਸਾਧਨ ਹੈ। ਅਸੀਂ ਅਸਲੀਅਤ ਪ੍ਰਤੀ ਜਾਗਰੂਕ ਹੋ ਕੇ ਚੰਗੇ-ਮੰਦੇ ਦੀ ਪਛਾਣ ਕਰ ਕੇ, ਸੁਹਿਰਦ ਗਰੁਪ ਦੇ ਹੱਥ ਮਜ਼ਬੂਤ ਕਰ ਸਕਦੇ ਹਾਂ ਅਤੇ ਖੇਤੀ ਦਾ ‘ਉੱਤਮ’ ਰੁਤਬਾ ਬਹਾਲ ਕਰਨ ’ਚ ਯੋਗ-ਦਾਨ ਪਾ ਸਕਦੇ ਹਾਂ।

—0—

Next Story
ਤਾਜ਼ਾ ਖਬਰਾਂ
Share it