ਉਨਟਾਰੀਓ ਸਰਕਾਰ ’ਤੇ ਲੱਗੇ ਪੀਲ ਰੀਜਨ ਨਾਲ ਵਿਤਕਰਾ ਕਰਨ ਦੇ ਦੋਸ਼
ਬਰੈਂਪਟਨ, 27 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਸਰਕਾਰ ਵੱਲੋਂ ਸਮਾਜਿਕ ਸੇਵਾਵਾਂ ਲਈ ਫੰਡ ਜਾਰੀ ਕਰਨ ਦੇ ਮਾਮਲੇ ਵਿਚ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਨਾਲ ਵਿਤਕਰਾ ਕੀਤੇ ਜਾਣ ਦੇ ਦੋਸ਼ ਲੱਗੇ ਰਹੇ ਹਨ। ਪੀਲ ਰੀਜਨ ਦੀ ਇਕ ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਕਿਸੇ ਵੀ ਹੋਰ ਰੀਜਨ ਦੇ ਮੁਕਾਬਲੇ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਨੂੰ ਔਸਤਨ […]
By : Editor Editor
ਬਰੈਂਪਟਨ, 27 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਸਰਕਾਰ ਵੱਲੋਂ ਸਮਾਜਿਕ ਸੇਵਾਵਾਂ ਲਈ ਫੰਡ ਜਾਰੀ ਕਰਨ ਦੇ ਮਾਮਲੇ ਵਿਚ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਨਾਲ ਵਿਤਕਰਾ ਕੀਤੇ ਜਾਣ ਦੇ ਦੋਸ਼ ਲੱਗੇ ਰਹੇ ਹਨ। ਪੀਲ ਰੀਜਨ ਦੀ ਇਕ ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਕਿਸੇ ਵੀ ਹੋਰ ਰੀਜਨ ਦੇ ਮੁਕਾਬਲੇ ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਨੂੰ ਔਸਤਨ 850 ਮਿਲੀਅਨ ਡਾਲਰ ਦੀ ਰਕਮ ਘੱਟ ਮਿਲ ਰਹੀ ਹੈ। ਮੈਟਾਮੌਰਫੋਸਿਸ ਨੈਟਵਰਕ ਅਤੇ ਬਲੂਪ੍ਰਿੰਟ ਏ.ਡੀ.ਈ. ਵੱਲੋਂ ਕੀਤੀ ਖੋਜ ਅਤੇ ਅਧਿਐਨ ਮੁਤਾਬਕ ਸਾਲ 2015 ਤੋਂ 2022 ਦਰਮਿਆਨ ਪੀਲ ਰੀਜਨ ਨੂੰ ਪੰਜ ਲੱਖ ਤੋਂ ਵੱਧ ਆਬਾਦੀ ਵਾਲੇ ਉਨਟਾਰੀਓ ਦੇ ਹੋਰਨਾਂ ਇਲਾਕਿਆਂ ਜਿਵੇਂ ਟੋਰਾਂਟੋ, ਔਟਵਾ, ਯਾਰਕ ਰੀਜਨ, ਡਰਹਮ ਰੀਜਨ, ਹਾਲਟਨ ਰੀਜਨ, ਹੈਮਿਲਟਨ ਅਤੇ ਵਾਟਰਲੂ ਦੇ ਮੁਕਾਬਲੇ ਪ੍ਰਤੀ ਵਿਅਕਤੀ 578 ਡਾਲਰ ਘੱਟ ਦਿਤੇ ਗਏ।
ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਨੂੰ ਮਿਲ ਰਹੀ 850 ਮਿਲੀਅਨ ਡਾਲਰ ਘੱਟ ਰਕਮ
ਮੈਟਾਮੌਰਫੋਸਿਸ ਅਤੇ ਬਲੂਪ੍ਰਿੰਟ ਵੱਲੋਂ ਬੀਤੇ ਦਿਨੀਂ ਬਰੈਂਪਟਨ ਵਿਖੇ ਮੀਡੀਆ ਸਾਹਮਣੇ ਅੰਕੜੇ ਵੀ ਪੇਸ਼ ਕੀਤੇ ਗਏ। ਨੈਟਵਰਕ ਦੇ ਆਗੂਆਂ ਵਿਚੋਂ ਇਕ ਸ਼ੈਰਨ ਮੇਨ ਨੇ ਕਿਹਾ ਕਿ ਪੀਲ ਰੀਜਨ ਨਾਲ ਲੰਮੇ ਸਮੇਂ ਤੋਂ ਵਿਤਕਰਾ ਹੋ ਰਿਹਾ ਹੈ ਜਦਕਿ ਸਭਿਆਚਾਰਕ ਵੰਨ-ਸੁਵੰਨਤਾ ਵਾਲੇ ਇਸ ਖਿਤੇ ਵਿਚ ਲਗਾਤਾਰ ਵਧ ਰਹੀ ਕਮਿਊਨਿਟੀ ਨੂੰ ਅਪਾਰ ਮੌਕਿਆਂ ਦੀ ਜ਼ਰੂਰਤ ਹੈ। ਸ਼ੈਰਨ ਵੱਲੋਂ ਡਗ ਫੋਰਡ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਇਸ ਪਾਸੇ ਤੁਰਤ ਕਦਮ ਉਠਾਏ ਜਾਣ। ਰਿਪੋਰਟ ਕਹਿੰਦੀ ਹੈ ਕਿ ਸੂਬਾ ਸਰਕਾਰ ਤੋਂ ਲੋੜੀਂਦੇ ਫੰਡ ਨਾ ਮਿਲਣ ਕਾਰਨ ਪੀਲ ਰੀਜਨ ਵਿਚ ਪ੍ਰਾਪਰਟੀ ਟੈਕਸ ਰਾਹੀਂ ਇਕੱਤਰ ਰਕਮ ਵਿਚੋਂ 138 ਡਾਲਰ ਪ੍ਰਤੀ ਵਿਅਕਤੀ ਖਰਚ ਕਰਨੇ ਪਏ ਤਾਂਕਿ ਜ਼ਰੂਰੀ ਸੇਵਾਵਾਂ ਜਾਰੀ ਰੱਖੀਆਂ ਸਕਣ। ਨੈਟਵਰਕ ਦੇ ਅੰਕੜਿਆਂ ਨੂੰ ਵੱਖ ਵੱਖ ਕਰ ਕੇ ਦੇਖਿਆ ਜਾਵੇ ਤਾਂ ਅਹਿਮ ਮਿਊਂਸਪਲ ਸੇਵਾਵਾਂ ਵਾਸਤੇ ਪੀਲ ਰੀਜਨ ਨੂੰ 86.82 ਮਿਲੀਅਨ ਡਾਲਰ ਘੱਟ ਮਿਲੇ ਜਦਕਿ ਮਿਊਂਸਪਲ ਪੱਧਰ ’ਤੇ ਸਮਾਜਿਕ ਸੇਵਾਵਾਂ ਲੲਂ 215 ਮਿਲੀਅਨ ਡਾਲਰ ਦੀ ਕਮੀ ਰਹਿ ਗਈ। ਗੈਰ ਮੁਨਾਫੇ ਵਾਲੀਆਂ ਸੇਵਾਵਾਂ ਦੇ ਇਵਜ਼ ਵਿਚ 390 ਮਿਲੀਅਨ ਡਾਲਰ ਘੱਟ ਮਿਲੇ ਅਤੇ ਸਥਾਨਕ ਸਿਹਤ ਸੇਵਾਵਾਂ ਲਈ 97 ਮਿਲੀਅਨ ਡਾਲਰ ਘੱਟ ਅਦਾ ਕੀਤੇ ਗਏ।
ਬਰੈਂਪਟਨ ਨੌਰਥ ਤੋਂ ਵਿਧਾਇਕ ਨੇ ਰਿਪੋਰਟ ’ਤੇ ਉਠਾਏ ਸਵਾਲ
ਦੂਜੇ ਪਾਸੇ ਬਰੈਂਪਟਨ ਨੌਰਥ ਤੋਂ ਵਿਧਾਇਕ ਗ੍ਰਾਹਮ ਮਕਗ੍ਰੈਗਰ ਨੇ ਰਿਪੋਰਟ ਵਿਚਲੇ ਤੱਥਾਂ ’ਤੇ ਸਵਾਲ ਉਠਾਉਂਦਿਆਂ ਸੂਬਾ ਸਰਕਾਰ ਵੱਲੋਂ ਹਾਲ ਹੀ ਵਿਚ ਹੈਲਥ ਕੇਅਰ ਅਤੇ ਟ੍ਰਾਂਜ਼ਿਟ ਇਨਫਾਰਸਟ੍ਰਕਚਰ ਵਾਸਤੇ ਜਾਰੀ ਫੰਡਾਂ ਵੱਲ ਧਿਆਨ ਦਿਵਾਇਆ। ਬਰੈਂਪਟਨ ਗਾਰਡੀਅਨ ਨੂੰ ਈਮੇਲ ਰਾਹੀਂ ਭੇਜੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਹ ਬਲੂਪ੍ਰਿੰਟ ਵੱਲੋਂ ਪੇਸ਼ ਅੰਕੜਿਆਂ ਨੂੰ ਸਿੱਧੇ ਤੌਰ ’ਤੇ ਚੁਣੌਤੀ ਦੇਣਾ ਚਾਹੁਣਗੇ। ਸੂਬਾ ਸਰਕਾਰ ਵੱਖ ਵੱਖ ਪ੍ਰਾਜੈਕਟਾਂ ’ਤੇ ਅਰਬਾਂ ਡਾਲਰ ਖਰਚ ਕਰ ਰਹੀ ਹੈ ਅਤੇ ਪੀਲ ਰੀਜਨ ਦੇ ਲੋਕਾਂ ਨੂੰ ਇਸ ’ਤੇ ਪੂਰਾ ਯਕੀਨ ਹੈ। ਇਸੇ ਦੌਰਾਨ ਬਲੂਪ੍ਰਿੰਟ ਏ.ਡੀ.ਈ. ਦੇ ਪ੍ਰਿੰਸੀਪਲ ਐਸੋਸੀਏਟ ਥੌਮਸ ਮੈਕਮੈਨਸ ਨੇ ਹਾਲਾਤ ਸਪੱਸ਼ਟ ਕਰਨ ਦਾ ਯਤਨ ਕੀਤਾ ਅਤੇ ਕਿਹਾ ਕਿ ਬਿਨਾਂ ਸ਼ੱਕ ਸੂਬਾ ਸਰਕਾਰ ਤੋਂ ਫੰਡ ਆ ਰਹੇ ਹਨ ਪਰ ਇਨ੍ਹਾਂ ਨੂੰ ਮਹਿੰਗਾਈ ਦੇ ਹਿਸਾਬ ਨਾਲ ਵਧਾਇਆ ਨਹੀਂ ਜਾ ਰਿਹਾ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਜਾਂ ਮਿਸੀਸਾਗਾ ਦੇ ਕਾਰਜਕਾਰੀ ਮੇਅਰ ਵੱਲੋਂ ਇਸ ਬਾਰੇ ਟਿੱਪਣੀ ਹਾਸਲ ਨਹੀਂ ਹੋ ਸਕੀ।