ਉਨਟਾਰੀਓ ਵਿਚ ਸ਼ਰਾਬ ਦੀਆਂ ਕੀਮਤਾਂ ’ਤੇ ਛਿੜਿਆ ਵਿਵਾਦ
ਟੋਰਾਂਟੋ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਸ਼ਰਾਬ ਦੀਆਂ ਕੀਮਤਾਂ ’ਤੇ ਵਿਵਾਦ ਛਿੜ ਗਿਆ ਹੈ ਅਤੇ ਕਈ ਨਾਮੀ ਬਰੈਂਡਜ਼ ਵਾਲੇ ਇਕ ਗਰੁੱਪ ਵੱਲੋਂ ਲਿਕਰ ਕੰਟਰੋਲ ਬੋਰਡ ਆਫ ਉਨਟਾਰੀਓ ਦੇ ਸਟੋਰਾਂ ਵਿਚ ਆਪਣੇ ਉਤਪਾਦਾਂ ਦੀ ਵਿਕਰੀ ਬੰਦ ਕਰਨ ਦੀ ਚਿਤਾਵਨੀ ਦਿਤੀ ਗਈ ਹੈ। ਸਪਿਰਿਟਸ ਕੈਨੇਡਾ ਦਾ ਦੋਸ਼ ਹੈ ਕਿ ਐਲ.ਸੀ.ਬੀ.ਓ. ਵੱਲੋਂ ਬੇਵਜ੍ਹਾ ਟੈਕਸ ਲਾਏ ਜਾ […]
By : Editor Editor
ਟੋਰਾਂਟੋ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਸ਼ਰਾਬ ਦੀਆਂ ਕੀਮਤਾਂ ’ਤੇ ਵਿਵਾਦ ਛਿੜ ਗਿਆ ਹੈ ਅਤੇ ਕਈ ਨਾਮੀ ਬਰੈਂਡਜ਼ ਵਾਲੇ ਇਕ ਗਰੁੱਪ ਵੱਲੋਂ ਲਿਕਰ ਕੰਟਰੋਲ ਬੋਰਡ ਆਫ ਉਨਟਾਰੀਓ ਦੇ ਸਟੋਰਾਂ ਵਿਚ ਆਪਣੇ ਉਤਪਾਦਾਂ ਦੀ ਵਿਕਰੀ ਬੰਦ ਕਰਨ ਦੀ ਚਿਤਾਵਨੀ ਦਿਤੀ ਗਈ ਹੈ। ਸਪਿਰਿਟਸ ਕੈਨੇਡਾ ਦਾ ਦੋਸ਼ ਹੈ ਕਿ ਐਲ.ਸੀ.ਬੀ.ਓ. ਵੱਲੋਂ ਬੇਵਜ੍ਹਾ ਟੈਕਸ ਲਾਏ ਜਾ ਰਹੇ ਹਨ ਜਦਕਿ ਐਲ.ਸੀ.ਬੀ.ਓ. ਵੱਲੋਂ ਇਸ ਦਾਅਵੇ ਨੂੰ ਗੁੰਮਰਾਹਕੁਨ ਅਤੇ ਬੇਬੁਨਿਆਦ ਕਰਾਰ ਦਿਤਾ ਗਿਆ ਹੈ। ਸੀ.ਪੀ. 24 ਦੀ ਰਿਪੋਰਟ ਮੁਤਾਬਕ ਸਪਿਰਿਟਸ ਕੈਨੇਡਾ ਇਕ ਕਾਰੋਬਾਰੀ ਜਥੇਬੰਦੀ ਹੈ ਜੋ ਉਨਟਾਰੀਓ ਵਿਚ ਵਿਕਦੀ ਸ਼ਰਾਬ ਵਿਚੋਂ 70 ਫੀ ਸਦੀ ਸਪਲਾਈ ਕਰਦੀ ਹੈ।
ਐਲ.ਸੀ.ਬੀ.ਓ. ਦੇ ਸਟੋਰਾਂ ਤੋਂ ਗਾਇਬ ਹੋ ਸਕਦੇ ਨੇ ਕਈ ਨਾਮੀ ਬਰੈਂਡ
ਕ੍ਰਾਊਨ ਰਾਯਲ ਵਿਸਕੀ ਅਤੇ ਬਕਾਰਡੀ ਰੰਮ ਵਰਗੇ ਬਰੈਂਡ ਇਸ ਵੱਲੋਂ ਮੁਹੱਈਆ ਕਰਵਾਏ ਜਾਂਦੇ ਹਨ। ਸਪਿਰਿਟਸ ਕੈਨੇਡਾ ਦਾ ਦੋਸ਼ ਹੈ ਕਿ ਐਲ.ਸੀ.ਬੀ.ਓ. 2023 ਵਿਚ ਵੇਚੀ ਸ਼ਰਾਬ ਦੀ ਮੁਕੰਮਲ ਅਦਾਇਗੀ ਕਰਨ ਤੋਂ ਟਾਲਾ ਵੱਟ ਰਿਹਾ ਹੈ ਅਤੇ ਦਲੀਲ ਇਹ ਦਿਤੀ ਜਾ ਰਹੀ ਹੈ ਕਿ ਬਿਲਕੁਲ ਇਹੀ ਉਤਪਾਦ ਕਿਊਬੈਕ ਦੇ ਲਿਕਰ ਕੰਟਰੋਲ ਬੋਰਡ ਨੂੰ ਘੱਟ ਕੀਮਤ ’ਤੇ ਵੇਚੇ ਜਾ ਰਹੇ ਹਨ। ਸਪਿਰਿਟਸ ਕੈਨੇਡਾ ਦਾ ਕਹਿਣਾ ਹੈ ਕਿ ਉਨਟਾਰੀਓ ਦੇ ਕਾਨੂੰਨ ਮੁਤਾਬਕ ਸ਼ਰਾਬ ਦੀਆਂ ਕੀਮਤਾਂ ਵਿਚ ਹਰ ਸਾਲ ਘੱਟੋ ਘੱਟ ਵਾਧਾ ਕੀਤਾ ਜਾਣਾ ਲਾਜ਼ਮੀ ਹੈ ਜਿਸ ਨਾਲ ਐਲ.ਸੀ.ਬੀ.ਓ. ਦੇ ਮੁਨਾਫੇ ਵਿਚ ਵਾਧਾ ਹੁੰਦਾ ਹੈ।
ਕਿਊਬੈਕ ਦੇ ਮੁਕਾਬਲੇ ਉਨਟਾਰੀਓ ਵਿਚ ਹੋਰ ਜ਼ਿਆਦਾ ਮਹਿੰਗੀ ਹੋਈ ਸ਼ਰਾਬ
ਮੌਜੂਦਾ ਵਰ੍ਹੇ ਦੌਰਾਨ ਘੱਟੋ ਘੱਟ ਕੀਮਤਾਂ ਵਿਚ ਪੰਜ ਫੀ ਸਦੀ ਵਾਧਾ ਹੋਇਆ ਹੈ ਜਿਸ ਨਾਲ ਕੈਨੇਡਾ ਦੇ ਹੋਰਨਾਂ ਰਾਜਾਂ ਅਤੇ ਉਨਟਾਰੀਓ ਵਿਚ ਸ਼ਰਾਬ ਦੀਆਂ ਕੀਮਤਾਂ ਦਾ ਫਰਕ ਵਧ ਗਿਆ ਹੈ। ਉਨਟਾਰੀਓ ਵੌਡਕਾ ਦੀ ਇਕ ਬੋਤਲ 31.15 ਡਾਲਰ ਵਿਚ ਵਿਕ ਰਹੀ ਹੈ ਜਦਕਿ ਇਹੀ ਬੋਤਲ ਕਿਊਬੈਕ ਵਿਖੇ 22.25 ਸੈਂਟ ਵਿਚ ਮਿਲ ਰਹੀ ਹੈ। ਇਸ ਤਰੀਕੇ ਨਾਲ ਹਾਲਾਤ ਸਪਲਾਇਲਰਜ਼ ਦੇ ਵਸੋਂ ਬਾਹਰ ਹੋ ਚੁੱਕੇ ਹਨ ਅਤੇ ਲੋਕਾਂ ਨੂੰ ਵੀ ਕੋਈ ਫਾਇਦਾ ਨਹੀਂ ਹੋ ਰਿਹਾ। ਦੂਜੇ ਪਾਸੇ ਐਲ.ਸੀ.ਬੀ.ਓ. ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਖਪਤਕਾਰਾਂ ਦੇ ਹਿਤਾਂ ਨੂੰ ਧਿਆਨ ਵਿਚ ਰਖਦਿਆਂ ਯਕੀਨੀ ਬਣਾਇਆ ਜਾਂਦਾ ਹੈ ਕਿ ਉਨਟਾਰੀਓ ਵਿਚ ਸ਼ਰਾਬ ਕੀਮਤਾਂ ਹੋਰਨਾਂ ਰਾਜਾਂ ਦੇ ਮੁਕਾਬਲੇ ਵਿਚ ਰਹਿਣ। ਬੋਰਡ ਨੇ ਅੱਗੇ ਕਿਹਾ ਕਿ 10 ਫੀ ਸਦੀ ਸਪਲਾਇਰਜ਼ ਨੂੰ ਮੌਜੂਦਾ ਨਿਯਮ ਅਤੇ ਸ਼ਰਤਾਂ ਬਾਰੇ ਕੋਈ ਸ਼ਿਕਾਇਤ ਨਹੀਂ ਅਤੇ 80 ਫੀ ਸਦੀ ਬੋਰਡ ਨਾਲ ਤਾਲਮੇਲ ਤਹਿਤ ਅੱਗੇ ਵਧ ਰਹੇ ਹਨ। ਇਸ ਦੇ ਉਲਟ ਸਪਿਰਿਟਸ ਕੈਨੇਡਾ ਨੇ ਆਖਿਆ ਕਿ ਵਿਵਾਦ ਦੇ ਸਿੱਟੇ ਵਜੋਂ ਜਥੇਬੰਦੀ ਦੀਆਂ ਮੈਂਬਰ ਕੰਪਨੀਆਂ ਹਰ ਸੰਭਵ ਕਦਮ ਉਠਾਉਣ ਲਈ ਮਜਬੂਰ ਹੋ ਜਾਣਗੀਆਂ।