ਉਨਟਾਰੀਓ ਵਿਚ ਖਸਰੇ ਦੇ ਮਰੀਜ਼ਾਂ ਦੀ ਗਿਣਤੀ 10 ਸਾਲ ਦੇ ਸਿਖਰ ’ਤੇ ਪੁੱਜੀ
ਟੋਰਾਂਟੋ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਖਸਰੇ ਦੇ ਮਰੀਜ਼ਾਂ ਦੀ ਗਿਣਤੀ 10 ਸਾਲ ਦੇ ਸਿਖਰ ’ਤੇ ਪੁੱਜ ਗਈ ਜਦੋਂ ਪੀਲ ਰੀਜਨ ਦੇ ਸਿਹਤ ਅਧਿਕਾਰੀਆਂ ਵੱਲੋਂ ਮਿਸੀਸਾਗਾ ਵਿਖੇ ਨਵੇਂ ਮਰੀਜ਼ ਦੀ ਤਸਦੀਕ ਕਰ ਦਿਤੀ ਗਈ। 2014 ਵਿਚ ਉਨਟਾਰੀਓ ਵਿਖੇ ਖਸਰੇ ਦੇ 20 ਮਰੀਜ਼ ਸਾਹਮਣੇ ਆਏ ਜਦਕਿ ਮੌਜੂਦਾ ਵਰ੍ਹੇ ਦੌਰਾਨ ਅੰਕੜਾ 22 ਤੱਕ ਪੁੱਜ ਚੁੱਕਾ […]
By : Editor Editor
ਟੋਰਾਂਟੋ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਖਸਰੇ ਦੇ ਮਰੀਜ਼ਾਂ ਦੀ ਗਿਣਤੀ 10 ਸਾਲ ਦੇ ਸਿਖਰ ’ਤੇ ਪੁੱਜ ਗਈ ਜਦੋਂ ਪੀਲ ਰੀਜਨ ਦੇ ਸਿਹਤ ਅਧਿਕਾਰੀਆਂ ਵੱਲੋਂ ਮਿਸੀਸਾਗਾ ਵਿਖੇ ਨਵੇਂ ਮਰੀਜ਼ ਦੀ ਤਸਦੀਕ ਕਰ ਦਿਤੀ ਗਈ। 2014 ਵਿਚ ਉਨਟਾਰੀਓ ਵਿਖੇ ਖਸਰੇ ਦੇ 20 ਮਰੀਜ਼ ਸਾਹਮਣੇ ਆਏ ਜਦਕਿ ਮੌਜੂਦਾ ਵਰ੍ਹੇ ਦੌਰਾਨ ਅੰਕੜਾ 22 ਤੱਕ ਪੁੱਜ ਚੁੱਕਾ ਹੈ। ਪਬਲਿਕ ਹੈਲਥ ਉਨਟਾਰੀਓ ਦੇ ਅੰਕੜਿਆਂ ਮੁਤਾਬਕ ਇਸ ਵਾਰ ਅੱਧੇ ਤੋਂ ਜ਼ਿਆਦਾ ਮਰੀਜ਼ ਬੱਚੇ ਸਨ ਜਿਨ੍ਹਾਂ ਵਿਚੋਂ 13 ਸਾਲ ਦੇ ਇਕ ਬੱਚੇ ਨੂੰ ਟੀਕਾ ਨਹੀਂ ਸੀ ਲੱਗਾ ਹੋਇਆ।
ਮੌਜੂਦਾ ਵਰ੍ਹੇ ਦੌਰਾਨ ਹੁਣ ਤੱਕ ਸਾਹਮਣੇ ਆਏ 22 ਮਰੀਜ਼
ਇਕ ਬੱਚੇ ਦੇ ਵੈਕਸੀਨੇਸ਼ਨ ਸਟੇਟਸ ਬਾਰੇ ਪਤਾ ਨਾ ਲੱਗ ਸਕਿਆ। ਪੰਜ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਜਦਕਿ ਇਕ ਬੱਚਾ ਦਾ ਇਲਾਜ ਆਈ.ਸੀ.ਯੂ. ਵਿਚ ਹੋਇਆ। ਹੁਣ ਤੱਕ ਖਸਰੇ ਨਾਲ ਸੂਬੇ ਵਿਚ ਕੋਈ ਮੌਤ ਹੋਣ ਦੀ ਰਿਪੋਰਟ ਨਹੀਂ। 21 ਮਾਮਲਿਆਂ ਵਿਚ 15 ਕੌਮਾਂਤਰੀ ਸਫਰ ਨਾਲ ਸਬੰਧਤ ਰਹੇ ਅਤੇ ਇਨਫੈਕਸ਼ਨ ਦਾ ਪੱਕਾ ਸਰੋਤ ਪਤਾ ਨਹੀਂ ਲੱਗ ਸਕਿਆ।
2014 ਵਿਚ ਸਾਹਮਣੇ ਆਏ ਸਨ 20 ਮਰੀਜ਼
ਇਸੇ ਦੌਰਾਨ ਪੀਲ ਪਬਲਿਕ ਹੈਲਥ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ 10 ਮਈ ਨੂੰ ਸਵੇਰੇ 9 ਵਜੇ ਤੋਂ ਦੁਪਹਿਰ ਇਕ ਵਜੇ ਤੱਕ ਸਿਲਵਰ ਕ੍ਰੀਕ ਕਨਵੀਨੀਐਂਸ ਸਟੋਰ ਤੋਂ ਇਲਾਵ ਹੈਲਥ ਕੇਅਰ ਮੈਡੀਕਲ ਕਲੀਨਿਕ ’ਤੇ ਜਾਣ ਵਾਲਿਆਂ ਨੂੰ ਸੁਝਾਅ ਦਿਤਾ ਜਾਂਦਾ ਹੈ ਕਿ ਉਹ ਤੁਰਤ 905 799 7700 ’ਤੇ ਸੰਪਰਕ ਕਰਨ। ਸਿਹਤ ਅਧਿਕਾਰੀਆਂ ਵੱਲੋਂ ਚਿਤਾਵਨੀ ਦਿਤੀ ਗਈ ਹੈ ਕਿ ਖਸਰਾ ਤੇਜ਼ੀ ਨਾਲ ਫੈਲਦਾ ਹੈ ਅਤੇ ਜਿਨ੍ਹਾਂ ਨੇ ਟੀਕਾ ਨਹੀਂ ਲਗਵਾਇਆ, ਉਹ ਜਲਦ ਤੋਂ ਜਲਦ ਟੀਕਾ ਲਗਵਾ ਲੈਣ। ਇਸ ਬਿਮਾਰੀ ਦੇ ਲੱਛਣ ਕਿਸੇ ਮਰੀਜ਼ ਦੇ ਸੰਪਰਕ ਵਿਚ ਆਉਣ ਤੋਂ 21 ਦਿਨ ਬਾਅਦ ਵੀ ਸਾਹਮਣੇ ਆ ਸਕਦੇ ਹਨ ਜਿਨ੍ਹਾਂ ਵਿਚ ਬੁਖਾਰ, ਖੰਘ, ਜ਼ੁਕਾਮ, ਲਾਲ ਅਤੇ ਪਾਣੀ ਨਾਲ ਭਰੀਆਂ ਅੱਖਾਂ ਅਤੇ ਸਰੀਰ ’ਤੇ ਲਾਲ ਧੱਬੇ ਸ਼ਾਮਲ ਹਨ।