ਉਨਟਾਰੀਓ ਵਾਸੀਆਂ ਨੂੰ ਪੂਰਾ ਸਾਲ ਮਿਲੇਗੀ ਗੈਸ ਟੈਕਸ ਤੋਂ ਰਾਹਤ
ਟੋਰਾਂਟੋ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਾਸੀਆਂ ਨੂੰ ਗੈਸ ਟੈਕਸ ਤੋਂ ਰਾਹਤ ਦਾ ਸਿਲਸਿਲਾ 31 ਦਸੰਬਰ ਤੱਕ ਜਾਰੀ ਰਹੇਗਾ। ਜੀ ਹਾਂ, ਪਹਿਲੀ ਜੁਲਾਈ 2022 ਤੋਂ ਲਾਗੂ ਰਿਆਇਤ 30 ਜੂਨ ਨੂੰ ਖਤਮ ਹੋ ਰਹੀ ਸੀ ਪਰ ਸੂਬਾ ਸਰਕਾਰ ਨੇ ਇਸ ਨੂੰ ਸਾਲ ਦੇ ਅੰਤ ਤੱਕ ਲਿਜਾਣ ਦਾ ਫੈਸਲਾ ਕੀਤਾ ਹੈ। ਪ੍ਰੀਮੀਅਰ ਡਗ ਫੋਰਡ ਦਾ ਦਾਅਵਾ […]
By : Editor Editor
ਟੋਰਾਂਟੋ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਾਸੀਆਂ ਨੂੰ ਗੈਸ ਟੈਕਸ ਤੋਂ ਰਾਹਤ ਦਾ ਸਿਲਸਿਲਾ 31 ਦਸੰਬਰ ਤੱਕ ਜਾਰੀ ਰਹੇਗਾ। ਜੀ ਹਾਂ, ਪਹਿਲੀ ਜੁਲਾਈ 2022 ਤੋਂ ਲਾਗੂ ਰਿਆਇਤ 30 ਜੂਨ ਨੂੰ ਖਤਮ ਹੋ ਰਹੀ ਸੀ ਪਰ ਸੂਬਾ ਸਰਕਾਰ ਨੇ ਇਸ ਨੂੰ ਸਾਲ ਦੇ ਅੰਤ ਤੱਕ ਲਿਜਾਣ ਦਾ ਫੈਸਲਾ ਕੀਤਾ ਹੈ। ਪ੍ਰੀਮੀਅਰ ਡਗ ਫੋਰਡ ਦਾ ਦਾਅਵਾ ਹੈ ਕਿ ਢਾਈ ਸਾਲ ਦੀ ਟੈਕਸ ਰਿਆਇਤ ਦੌਰਾਨ ਇਕ ਪਰਵਾਰ ਔਸਤਨ 320 ਡਾਲਰ ਦੀ ਬੱਚਤ ਕਰ ਲਵੇਗਾ। ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਕਾਰਬਨ ਟੈਕਸ ਵਿਚ ਵਾਧਾ ਕਰ ਰਹੀ ਹੈ ਅਤੇ ਆਮ ਲੋਕਾਂ ਨੂੰ ਰਾਹਤ ਦੇਣ ਵਾਸਤੇ ਕੋਈ ਕਦਮ ਨਹੀਂ ਉਠਾਇਆ ਜਾ ਰਿਹਾ ਹੈ।
ਡਗ ਫੋਰਡ ਸਰਕਾਰ ਵੱਲੋਂ ਮਿਆਦ 6 ਮਹੀਨੇ ਵਧਾਉਣ ਦਾ ਐਲਾਨ
ਫੈਡਰਲ ਸਰਕਾਰ ਭਾਵੇਂ ਕਾਰਬਨ ਟੈਕਸ ਵਿਚ ਵਾਧਾ ਵਾਪਸ ਲੈਣ ਤੋਂ ਸਾਫ਼ ਨਾਂਹ ਕਰ ਚੁੱਕੀ ਹੈ ਪਰ ਸੂਬਾ ਸਰਕਾਰ ਨੇ ਆਪਣਾ ਫਰਜ਼ ਨਿਭਾਉਂਦਿਆਂ ਗੈਸ ਟੈਕਸ ਵਿਚ ਕਟੌਤੀ ਦੀ ਮਿਆਦ 31 ਦਸੰਬਰ 2024 ਤੱਕ ਵਧਾਉਣ ਦਾ ਫੈਸਲਾ ਲਿਆ। ਡਗ ਫੋਰਡ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਪਹਿਲੀ ਅਪ੍ਰੈਲ ਤੋਂ ਕਾਰਬਨ ਟੈਕਸ ਵਿਚ ਹੋ ਰਿਹਾ 23 ਫੀ ਸਦੀ ਵਾਧਾ ਵਾਪਸ ਲਿਆ ਜਾਵੇ। ਟੈਕਸ ਵਾਧਾ ਲਾਗੂ ਹੋਣ ਦੀ ਸੂਰਤ ਵਿਚ ਉਨਟਾਰੀਓ ਦੇ ਮਿਹਨਤਕਸ਼ ਪਰਵਾਰਾਂ ਦੀ ਜ਼ਿੰਦਗੀ ਵਿਚ ਔਕੜਾਂ ਵਧ ਜਾਣਗੀਆਂ। ਇਸੇ ਦੌਰਾਨ ਉਨਟਾਰੀਓ ਦੇ ਵਿੱਤ ਮੰਤਰੀ ਪੀਟਰ ਬੈਥਲੈਨਫੌਲਵੀ ਨੇ ਆਖਿਆ ਕਿ ਪੀ.ਸੀ. ਪਾਰਟੀ ਦੀ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਕਿ ਅਸਮਾਨ ਛੂੰਹਦੀ ਮਹਿੰਗਾਈ ਅਤੇ ਉਚੀਆਂ ਵਿਆਜ ਦਰਾਂ ਸੂਬੇ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰ ਰਹੀਆਂ ਹਨ ਜਿਸ ਨੂੰ ਵੇਖਦਿਆਂ ਉਨਟਾਰੀਓ ਵਾਸੀਆਂ ਨੂੰ ਗੈਸ ਟੈਕਸ ਵਿਚ ਰਿਆਇਤ ਦੀ ਮਿਆਦ ਅੱਗੇ ਵਧਾਈ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਆਉਂਦੇ ਬਜਟ ਵਿਚ ਡਗ ਫੋਰਡ ਸਰਕਾਰ ਵੱਲੋਂ ਕਾਰ ਬੀਮੇ ਦੀਆਂ ਦਰਾਂ ਘਟਾਉਣ ਦੇ ਉਪਰਾਲੇ ਵੀ ਕੀਤੇ ਜਾ ਸਕਦੇ ਹਨ।
ਕਾਰ ਬੀਮੇ ਦੀਆਂ ਮਹਿੰਗੀਆਂ ਦਰਾਂ ਤੋਂ ਵੀ ਰਾਹਤ ਮਿਲਣ ਦੇ ਆਸਾਰ
ਪੀ.ਸੀ. ਪਾਰਟੀ ਨੇ ਸੱਤਾ ਵਿਚ ਆਉਣ ਮਗਰੋਂ 2019 ਦੇ ਬਜਟ ਵਿਚ ਆਟੋ ਇੰਸ਼ੋਰੈਂਸ ਦਾ ਖਰਚਾ ਘਟਾਉਣ ਦਾ ਵਾਅਦਾ ਕੀਤਾ ਸੀ ਪਰ ਆਡੀਟਰ ਜਨਰਲ ਵੱਲੋਂ ਪੇਸ਼ 2022 ਦੀ ਰਿਪੋਰਟ ਕਹਿੰਦੀ ਹੈ ਕਿ ਕੋਰੋਨਾ ਮਹਾਂਮਾਰੀ ਕਰ ਕੇ ਕਾਰ ਬੀਮਾ ਦਰਾਂ ਘਟਾਉਣ ਦਾ ਪ੍ਰਕਿਰਿਆ ਬਹੁਤੀ ਅਸਰਦਾਰ ਸਾਬਤ ਨਹੀਂ ਹੋ ਸਕੀ। 2017 ਤੋਂ 2021 ਦਰਮਿਆਨ ਆਟੋ ਇੰਸ਼ੋਰੈਂਸ ਦਾ ਪ੍ਰੀਮੀਅਮ 14 ਫੀ ਸਦੀ ਵਾਧੇ ਨਾਲ 1,642 ਡਾਲਰ ਦੀ ਔਸਤ ’ਤੇ ਪੁੱਜ ਗਿਆ। ਇਸ ਵੇਲੇ ਬਰੈਂਪਟਨ ਵਾਸੀਆਂ ਨੂੰ ਸਭ ਤੋਂ ਮਹਿੰਗੀਆਂ ਦਰਾਂ ’ਤੇ ਕਾਰ ਬੀਮਾ ਖਰੀਦਣਾ ਪੈ ਰਿਹਾ ਹੈ। ਕਾਰ ਬੀਮੇ ਵਿਚ ਰਾਹਤ ਤੋਂ ਇਲਾਵਾ ਪ੍ਰੀਮੀਅਰ ਡਗ ਫੋਰਡ ਨੇ ਪਿਛਲੇ ਹਫਤੇ ਮਿਊਂਸਪੈਲਿਟੀਜ਼ ਨੂੰ 162 ਕਰੋੜ ਡਾਲਰ ਦੇਣ ਦਾ ਐਲਾਨ ਵੀ ਕੀਤਾ ਗਿਆ ਜਿਸ ਰਾਹੀਂ ਇਨਫਰਾਸਟ੍ਰਕਚਰ ਵਿਚ ਵਾਧਾ ਕੀਤਾ ਜਾ ਸਕੇ ਅਤੇ ਨਵੇਂ ਮਕਾਨਾਂ ਦੀ ਉਸਾਰੀ ਵਿਚ ਰਾਹਤ ਮਿਲੇ।