ਉਂਟਾਰੀਓ ਖਾਲਸਾ ਦਰਬਾਰ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਬੰਦੀ ਛੋੜ ਦਿਵਸ।
ਬੰਦੀ ਛੋੜ ਦਿਵਸ ਅਤੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਉਂਟਾਰੀਓ ਖਾਲਸਾ ਦਰਬਾਰ ਵਿਖੇ ਸਾਰਾ ਦਿਨ ਸ਼ਰਧਾ ਅਤੇ ਉਤਸ਼ਾਹ ਸਹਿਤ ਗੁਰਮਤਿ ਦੀਵਾਨ ਸਜਾਏ ਗਏ। ਸਵੇਰੇ ਦੇ ਸਮੇਂ ਸ਼੍ਰੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਪਾਲ ਸਿੰਘ ਨੇ ਇਕੱਤਰ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਗੁਰ […]
By : Hamdard Tv Admin
ਬੰਦੀ ਛੋੜ ਦਿਵਸ ਅਤੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿੱਚ ਉਂਟਾਰੀਓ ਖਾਲਸਾ ਦਰਬਾਰ ਵਿਖੇ ਸਾਰਾ ਦਿਨ ਸ਼ਰਧਾ ਅਤੇ ਉਤਸ਼ਾਹ ਸਹਿਤ ਗੁਰਮਤਿ ਦੀਵਾਨ ਸਜਾਏ ਗਏ। ਸਵੇਰੇ ਦੇ ਸਮੇਂ ਸ਼੍ਰੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਪਾਲ ਸਿੰਘ ਨੇ ਇਕੱਤਰ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਗੁਰ ਉਪਦੇਸ਼ ਉੱਤੇ ਚੱਲਦਿਆਂ ਦੇਹਧਾਰੀ ਗੁਰੂਆਂ ਅਤੇ ਅਖੌਤੀ ਡੇਰੇਦਾਰਾਂ ਤੋਂ ਮੂੰਹ ਮੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਅਤੇ ਰੌਸ਼ਨੀਆਂ ਦੇ ਇਸ ਤਿਉਹਾਰ ਮੌਕੇ ਆਪਣੇ ਮਨਾਂ ਅੰਦਰ ਗੁਰ ਸ਼ਬਦ ਰੂਪੀ ਦੀਵਾ ਬਾਲ ਕੇ ਜ਼ਿੰਦਗੀ ਨੂੰ ਰੁਸ਼ਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਬੰਦੀ ਛੋੜ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਸਰਕਾਰ ਨੂੰ ਚਾਹੀਦਾ ਹੈ ਕਿ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ। ਨਾਲ ਹੀ ਉਨ੍ਹਾਂ ਗੁਰਦੁਆਰਾ ਸਾਹਿਬ ਵਲੋਂ ਚਲਾਏ ਜਾ ਰਹੇ ਲੋਕ ਭਲਾਈ ਕਾਰਜਾਂ, ਅੰਤਰਾਸ਼ਟਰੀ ਵਿਦਿਆਰਥੀਆਂ ਦੀ ਮੱਦਦ ਹਿੱਤ ਵੱਖ ਵੱਖ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਗੁਰਦੁਆਰਾ ਸਾਹਿਬ ਵਿਖੇ ਸੇਵਾਵਾਂ ਨਿਭਾ ਰਹੇ ਸਮੂਹ ਗ੍ਰੰਥੀ ਸਿੰਘਾਂ ਅਤੇ ਜਥਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਕਮੇਟੀ ਦੇ ਕਾਰਜਾਂ ਵਿੱਚ ਸਥਾਨਕ ਸੰਗਤਾਂ ਵਲੋਂ ਜੋ ਸਹਿਯੋਗ ਅਤੇ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ ਉਹ ਸਾਡੇ ਲਈ ਮਾਰਗਦਰਸ਼ਕ ਅਤੇ ਹੌਸਲਾ ਅਫ਼ਜ਼ਾਈ ਸਿੱਧ ਹੋਇਆ ਹੈ। ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮਰੀਤ ਸਿੰਘ ਜੱਸਲ ਅਤੇ ਉੱਪ ਸਕੱਤਰ ਪਰਮਜੀਤ ਸਿੰਘ ਗਿੱਲ ਵਲੋਂ ਬਾਖੂਬੀ ਸਟੇਜ ਸੰਚਾਲਨ ਕਰਦਿਆਂ ਆਈ ਹੋਈ ਸੰਗਤ ਨੂੰ ਮੁਬਾਰਕਬਾਦ ਦਿੱਤੀ। । ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਗੁਰਦੁਆਰਾ ਸਾਹਿਬ ਵਿਖੇ ਵੱਖ ਵੱਖ ਸੇਵਾਵਾਂ ਨਿਭਾ ਰਹੇ ਵਲੰਟੀਅਰਜ਼ ਅਤੇ ਸੇਵਾਦਾਰਾਂ ਦਾ ਸਹਿਯੋਗ ਬਹੁਤ ਵਡਮੁੱਲਾ ਹੈ। ਉਨ੍ਹਾਂ ਕਾਮਨਾ ਕੀਤੀ ਕਿ ਭਵਿੱਖ ਵਿਚ ਵੀ ਸੇਵਾਦਾਰਾਂ ਅਤੇ ਸੰਗਤਾਂ ਦਾ ਇਸੇ ਤਰ੍ਹਾਂ ਸਹਿਯੋਗ ਬਣਿਆ ਰਹੇਗਾ। ਇਸ ਮੌਕੇ ਸਜੇ ਹੋਏ ਦੀਵਾਨਾਂ ਵਿੱਚ ਭਾਈ ਅਕਾਸ਼ਦੀਪ ਸਿੰਘ ਫ਼ਤਹਿਗੜ੍ਹ ਸਾਹਿਬ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਹਰਪਾਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ। ਭਾਈ ਗੁਲਜ਼ਾਰ ਸਿੰਘ ਕਥਾਵਾਚਕ ਅਤੇ ਭੁੱਲਾਰਾਈ ਢਾਡੀ ਜਥੇ ਵਲੋਂ ਹਾਜ਼ਰੀ ਲਗਵਾਉਂਦਿਆ ਗੁਰਬਾਣੀ ਕੀਰਤਨ, ਗੁਰਸ਼ਬਦ ਵਿਚਾਰ ਅਤੇ ਗੁਰ ਇਤਿਹਾਸ ਦੀ ਸਾਂਝ ਪੁਆਈ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਪੰਡੋਰੀ, ਖਜ਼ਾਨਚੀ ਭੁਪਿੰਦਰ ਸਿੰਘ ਬਾਠ, ਡਾਇਰੈਕਟਰ ਸਰਦਾਰਾ ਸਿੰਘ, ਡਾਇਰੈਕਟਰ ਜਸਵਿੰਦਰ ਸਿੰਘ, ਨਵਜੀਤ ਸਿੰਘ, ਸਰਬਜੀਤ ਸਿੰਘ , ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।