ਅਮਰੀਕਾ ਜਾ ਰਹੇ ਭਾਰਤੀ ਨੌਜਵਾਨਾਂ ਨਾਲ ਵਾਪਰੀ ਅਣਹੋਣੀ
ਟੈਕਸਸ, 25 ਮਈ (ਵਿਸ਼ੇਸ਼ ਪ੍ਰਤੀਨਿਧ) : ਸੁਨਹਿਰੀ ਭਵਿੱਖ ਦੀ ਭਾਲ ਵਿਚ ਅਮਰੀਕਾ ਪੁੱਜਣ ਦੇ ਯਤਨ ਕਰ ਰਹੇ ਭਾਰਤੀ ਨੌਜਵਾਨਾਂ ਨਾਲ ਵੱਡੀ ਅਣਹੋਣੀ ਵਾਪਰਨ ਦੀ ਰਿਪੋਰਟ ਹੈ। ਮੈਕਸੀਕੋ ਦੇ ਜੰਗਲਾਂ ਵਿਚ ਫਸੇ ਚਾਰ ਨੌਜਵਾਨਾਂ ਨੇ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨਾਲ ਆਏ ਕਈ ਨੌਜਵਾਨਾਂ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ ਅਤੇ ਉਹ ਖੁਦ ਜੰਗਲਾਂ ਵਿਚ ਗੁੰਮ […]
By : Editor Editor
ਟੈਕਸਸ, 25 ਮਈ (ਵਿਸ਼ੇਸ਼ ਪ੍ਰਤੀਨਿਧ) : ਸੁਨਹਿਰੀ ਭਵਿੱਖ ਦੀ ਭਾਲ ਵਿਚ ਅਮਰੀਕਾ ਪੁੱਜਣ ਦੇ ਯਤਨ ਕਰ ਰਹੇ ਭਾਰਤੀ ਨੌਜਵਾਨਾਂ ਨਾਲ ਵੱਡੀ ਅਣਹੋਣੀ ਵਾਪਰਨ ਦੀ ਰਿਪੋਰਟ ਹੈ। ਮੈਕਸੀਕੋ ਦੇ ਜੰਗਲਾਂ ਵਿਚ ਫਸੇ ਚਾਰ ਨੌਜਵਾਨਾਂ ਨੇ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਨਾਲ ਆਏ ਕਈ ਨੌਜਵਾਨਾਂ ਦਾ ਕੋਈ ਥਹੁ-ਪਤਾ ਨਹੀਂ ਲੱਗ ਰਿਹਾ ਅਤੇ ਉਹ ਖੁਦ ਜੰਗਲਾਂ ਵਿਚ ਗੁੰਮ ਹੋ ਚੁੱਕੇ ਹਨ। ਜੰਗਲਾਂ ਵਿਚ ਫਸੇ ਨੌਜਵਾਨ ਹਰਿਆਣਾ ਸੂਬੇ ਨਾਲ ਸਬੰਧਤ ਹਨ ਜੋ ਨਾਜਾਇਜ਼ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਏਜੰਟਾਂ ਨੂੰ 35-35 ਲੱਖ ਰੁਪਏ ਦੇ ਕੇ ਇਥੇ ਪੁੱਜੇ ਪਰ ਹੁਣ ਅੱਗੇ ਜਾਣ ਦਾ ਕੋਈ ਰਾਹ ਨਹੀਂ ਮਿਲ ਰਿਹਾ।
ਮੈਕਸੀਕੋ ਦੇ ਜੰਗਲਾਂ ਵਿਚ ਫਸੇ 4 ਜਣਿਆਂ ਨੇ ਸੁਣਾਈ ਹੱਡਬੀਤੀ
ਮਾਪਿਆਂ ਨੇ ਕਰਜ਼ਾ ਚੁੱਕ ਕੇ ਪੈਸੇ ਦਿਤੇ ਅਤੇ ਇਥੇ ਜਾਨ ’ਤੇ ਖਤਰਾ ਮੰਡਰਾਅ ਰਿਹਾ ਹੈ। ਭਾਰਤੀ ਨੌਜਵਾਨ ਹੋਰਨਾਂ ਨੂੰ ਵੀ ਸੁਚੇਤ ਕਰ ਰਹੇ ਹਨ ਕਿ ਉਹ ਟਰੈਵਲ ਏਜੰਟਾ ਦੇ ਲਾਰਿਆਂ ਵਿਚ ਆ ਕੇ ਕਦੇ ਵੀ ਅਜਿਹਾ ਕੰਮ ਨਾ ਕਰਨ ਕਿਉਂਕਿ ਨਾ ਸਿਰਫ ਰਕਮ ਦਾ ਨੁਕਸਾਨ ਹੁੰਦਾ ਸਗੋਂ ਜਾਨ ਬਚਣ ਦੀ ਵੀ ਕੋਈ ਗਾਰੰਟੀ ਨਹੀਂ। ਦੱਸ ਦੇਈਏ ਕਿ ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਢਾਈ ਕਰੋੜ ਤੋਂ ਟੱਪ ਚੁੱਕੀ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਪਿਛਲੇ ਦੋ ਸਾਲ ਦੌਰਾਨ ਦਾਖਲ ਹੋਏ। ਭਾਵੇਂ ਪਿਛਲੇ ਚਾਰ ਸਾਲ ਦੌਰਾਨ ਅਮਰੀਕਾ 7 ਲੱਖ ਨਾਜਾਇਜ਼ ਪ੍ਰਵਾਸੀਆਂ ਨੂੰ ਡਿਪੋਰਟ ਕਰ ਚੁੱਕਾ ਹੈ ਪਰ ਇਸ ਨਾਲ ਨਵਿਆਂ ਦੇ ਆਉਣ ’ਤੇ ਕੋਈ ਅਸਰ ਨਹੀਂ ਪੈ ਰਿਹਾ। ਦੁਨੀਆਂ ਦੇ ਤਕਰੀਬਨ ਹਰ ਖਿੱਤੇ ਤੋਂ ਪ੍ਰਵਾਸੀ ਅਮਰੀਕਾ ਦੇ ਬਾਰਡਰ ’ਤੇ ਪੁੱਜ ਰਹੇ ਹਨ ਜਿਨ੍ਹਾਂ ਕੋਲ ਮੁਲਕ ਵਿਚ ਦਾਖਲ ਹੋਣ ਵਾਸਤੇ ਕੋਈ ਵੀਜ਼ਾ ਨਹੀਂ ਹੁੰਦਾ ਅਤੇ ਨਾਜਾਇਜ਼ ਤਰੀਕੇ ਨਾਲ ਦਾਖਲ ਹੁੰਦਿਆਂ ਪਨਾਹ ਦਾ ਦਾਅਵਾ ਕਰ ਦਿੰਦੇ ਹਨ। ਕੈਲੇਫੋਰਨੀਆ ਅਤੇ ਟੈਕਸਸ ਵਰਗੇ ਰਾਜਾਂ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਮੰਨੀ ਜਾ ਰਹੀ ਹੈ ਪਰ ਪਿਛਲੇ ਸਮੇਂ ਦੌਰਾਨ ਫਲੋਰੀਡਾ ਅਤੇ ਵਾਸ਼ਿੰਗਟਨ ਰਾਜਾਂ ਵਿਚ ਵੀ ਇਨ੍ਹਾਂ ਦੀ ਗਿਣਤੀ ਵਧਣ ਲੱਗੀ। ਸਾਲ 2007 ਤੋਂ 2021 ਦਰਮਿਆਨ ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 17 ਲੱਖ ਘਟੀ ਪਰ ਪਿਛਲੇ ਸਮੇਂ ਦੌਰਾਨ ਹੋਏ ਵਾਧੇ ਮਗਰੋਂ ਇੰਮੀਗ੍ਰੇਸ਼ਨ ’ਤੇ ਨਵੀਂ ਬਹਿਸ ਛਿੜ ਗਈ।
ਮਾਪਿਆਂ ਨੇ 35-35 ਲੱਖ ਲਾ ਕੇ ਭੇਜਿਆ, ਹੁਣ ਜਾਨ ਦਾ ਖਤਰਾ
ਬਾਰਡਰ ਪੈਟਰੋਲ ਏਜੰਟਾਂ ਮੁਤਾਬਕ ਮਈ ਦੇ ਪਹਿਲੇ 21 ਦਿਨਾਂ ਦੌਰਾਨ ਰੋਜ਼ਾਨਾ ਔਸਤਨ 3700 ਜਣਿਆਂ ਨੂੰ ਰੋਕਿਆ ਗਿਆ ਜਦਕਿ ਪਿਛਲੇ ਸਾਲ ਦਸੰਬਰ ਵਿਚ ਰੋਜ਼ਾਨਾ 8 ਹਜ਼ਾਰ ਪ੍ਰਵਾਸੀਆਂ ਨੂੰ ਰੋਕਿਆ ਜਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਮੈਕਸੀਕੋ ਸਰਕਾਰ ਵੱਲੋਂ ਵਿਦੇਸ਼ੀ ਨਾਗਰਿਕਾਂ ਵਿਰੁੱਧ ਕੀਤੀ ਜਾ ਰਹੀ ਸਖਤ ਕਾਰਵਾਈ, ਇਸ ਦਾ ਕਾਰਨ ਹੋ ਸਕਦੀ ਹੈ। ਦੂਜੇ ਪਾਸੇ ਬਾਇਡਨ ਸਰਕਾਰ ਦਾਅਵਾ ਕਰ ਰਹੀ ਹੈ ਕਿ ਨਾਜਾਇਜ਼ ਪ੍ਰਵਾਸ ਰੋਕਣ ਬਾਰੇ ਉਸ ਦੇ ਯਤਨਾਂ ਨੂੰ ਬੂਰ ਪਿਆ ਹੈ ਅਤੇ ਨਾਜਾਇਜ਼ ਪ੍ਰਵਾਸੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਸਰਕਾਰ ਨੇ ਦਾਅਵਾ ਕੀਤਾ ਕਿ ਦੱਖਣੀ ਸਰਹੱਦ ਰਾਹੀਂ ਨਾਜਾਇਜ਼ ਪ੍ਰਵਾਸ ਰੋਕਣ ਵਾਸਤੇ ਕਈ ਕਦਮ ਉਠਾਏ ਗਏ ਜਿਨ੍ਹਾਂ ਵਿਚ ਤਸਕਰਾਂ ਨਾਲ ਨਜਿੱਠਣਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਕਾਨੂੰਨੀ ਰਾਹ ਅਖਤਿਆਰ ਕਰਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅਮਰੀਕਾ ਵਿਚ ਚੋਣਾਂ ਵਾਲਾ ਵਰ੍ਹਾ ਹੋਣ ਕਾਰਨ ਰਿਪਬਲਿਕਨ ਪਾਰਟੀ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਵੱਡਾ ਮੁੱਦਾ ਬਣਾਇਆ ਜਾ ਰਿਹਾ ਹੈ। ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੇ ਤਾਂ ਇਥੋਂ ਤੱਕ ਆਖ ਦਿਤਾ ਕਿ ਗੈਰਕਾਨੂੰਨੀ ਪ੍ਰਵਾਸੀ, ਅਮਰੀਕੀ ਨਾਗਰਿਕਾਂ ’ਤੇ ਹਮਲਾ ਕਰਨ ਵਾਸਤੇ ਫੌਜ ਤਿਆਰ ਕਰ ਰਹੇ ਹਨ।